ਅਫਗਾਨਿਸਤਾਨ ਦੇ ਸਕੂਲਾਂ 'ਚ ਬਿਨਾਂ ਵਿਦਿਆਰਥਣਾਂ ਦੇ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ

Wednesday, Mar 20, 2024 - 05:22 PM (IST)

ਅਫਗਾਨਿਸਤਾਨ ਦੇ ਸਕੂਲਾਂ 'ਚ ਬਿਨਾਂ ਵਿਦਿਆਰਥਣਾਂ ਦੇ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ

ਇਸਲਾਮਾਬਾਦ (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਸਕੂਲਾਂ ਨੇ ਬੁੱਧਵਾਰ ਨੂੰ ਬਿਨਾਂ ਕੁੜੀਆਂ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਕਿਉਂਕਿ ਤਾਲਿਬਾਨ ਨੇ ਕੁੜੀਆਂ ਦੇ ਛੇਵੀਂ ਜਮਾਤ ਤੋਂ ਅੱਗੇ ਪੜ੍ਹਨ 'ਤੇ ਪਾਬੰਦੀ ਲਗਾ ਦਿੱਤੀ ਹੈ। ਅਫਗਾਨਿਸਤਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਔਰਤਾਂ ਦੀ ਸਿੱਖਿਆ 'ਤੇ ਪਾਬੰਦੀ ਹੈ। ਸੰਯੁਕਤ ਰਾਸ਼ਟਰ ਦੀ ਚਿਲਡਰਨ ਏਜੰਸੀ ਮੁਤਾਬਕ ਇਸ ਪਾਬੰਦੀ ਨਾਲ 10 ਲੱਖ ਤੋਂ ਵੱਧ ਕੁੜੀਆਂ ਪ੍ਰਭਾਵਿਤ ਹੋਈਆਂ ਹਨ। ਏਜੰਸੀ ਦਾ ਇਹ ਵੀ ਅੰਦਾਜ਼ਾ ਹੈ ਕਿ ਸਹੂਲਤਾਂ ਦੀ ਘਾਟ ਅਤੇ ਹੋਰ ਕਾਰਨਾਂ ਕਰਕੇ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ 50 ਲੱਖ ਕੁੜੀਆਂ ਸਕੂਲ ਛੱਡ ਚੁੱਕੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਕੋਲਾ ਖਾਨ 'ਚ ਧਮਾਕਾ, 12 ਮਜ਼ਦੂਰਾਂ ਦੀ ਦਰਦਨਾਕ ਮੌਤ

ਤਾਲਿਬਾਨ ਦੇ ਸਿੱਖਿਆ ਮੰਤਰਾਲੇ ਨੇ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਇੱਕ ਸਮਾਰੋਹ ਨਾਲ ਕੀਤੀ ਜਿਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਪੱਤਰਕਾਰਾਂ ਨੂੰ ਭੇਜੇ ਗਏ ਸੱਦੇ 'ਚ ਕਿਹਾ ਗਿਆ ਹੈ: ''ਭੈਣਾਂ ਲਈ ਢੁਕਵੀਂ ਥਾਂ ਦੀ ਘਾਟ ਕਾਰਨ ਅਸੀਂ ਮਹਿਲਾ ਪੱਤਰਕਾਰਾਂ ਤੋਂ ਮੁਆਫ਼ੀ ਮੰਗਦੇ ਹਾਂ।'' ਤਾਲਿਬਾਨ ਦੇ ਸਿੱਖਿਆ ਮੰਤਰੀ ਹਬੀਬੁੱਲਾ ਆਗਾ ਨੇ ਸਮਾਰੋਹ ਦੌਰਾਨ ਕਿਹਾ ਕਿ ਮੰਤਰਾਲਾ ''ਧਾਰਮਿਕ ਅਤੇ ਆਧੁਨਿਕ ਵਿਗਿਆਨ ਦੀ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।'' ਤਾਲਿਬਾਨ ਮਦਰੱਸਿਆਂ, ਜਾਂ ਧਾਰਮਿਕ ਸਕੂਲਾਂ 'ਤੇ ਜ਼ੋਰ ਦੇ ਰਿਹਾ ਹੈ ਅਤੇ ਬੁਨਿਆਦੀ ਸਾਖਰਤਾ ਅਤੇ ਗਣਿਤ ਦੀ ਬਜਾਏ ਇਸਲਾਮੀ ਸਿੱਖਿਆ ਨੂੰ ਮਹੱਤਵ ਦੇ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੇ ਲਗਭਗ 15 ਹਫ਼ਤਿਆਂ ਦੇ ਗਰਭਪਾਤ 'ਤੇ ਰਾਸ਼ਟਰੀ ਪਾਬੰਦੀ ਦਾ ਕੀਤਾ ਸਮਰਥਨ 

ਮੰਤਰੀ ਨੇ ਵਿਦਿਆਰਥੀਆਂ ਨੂੰ ਇਸਲਾਮਿਕ ਅਤੇ ਅਫਗਾਨ ਸਿਧਾਂਤਾਂ ਦੇ ਉਲਟ ਕੱਪੜੇ ਪਹਿਨਣ ਤੋਂ ਬਚਣ ਲਈ ਵੀ ਕਿਹਾ। ਤਾਲਿਬਾਨ ਦੇ ਉਪ ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਨੇ ਕਿਹਾ ਕਿ ਉਹ "ਦੇਸ਼ ਦੇ ਸਾਰੇ ਦੂਰ-ਦੁਰਾਡੇ ਖੇਤਰਾਂ" ਵਿੱਚ ਸਿੱਖਿਆ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤਾਲਿਬਾਨ ਨੇ ਪਹਿਲਾਂ ਕਿਹਾ ਸੀ ਕਿ ਕੁੜੀਆਂ ਦੀ ਸਿੱਖਿਆ ਨੂੰ ਜਾਰੀ ਰੱਖਣਾ ਇਸਲਾਮਿਕ ਕਾਨੂੰਨ, ਜਾਂ ਸ਼ਰੀਆ ਦੀ ਵਿਆਖਿਆ ਦੇ ਵਿਰੁੱਧ ਹੈ ਅਤੇ ਉਨ੍ਹਾਂ ਦੀ ਸਕੂਲ ਵਾਪਸੀ ਲਈ ਕੁਝ ਸ਼ਰਤਾਂ ਦੀ ਲੋੜ ਹੈ। ਹਾਲਾਂਕਿ ਇਸ ਨੇ ਉਕਤ ਹਾਲਾਤ ਪੈਦਾ ਕਰਨ ਵਿੱਚ ਕੋਈ ਪ੍ਰਗਤੀ ਨਹੀਂ ਕੀਤੀ। ਤਾਲਿਬਾਨ ਨੇ 1990 ਦੇ ਦਹਾਕੇ ਵਿੱਚ ਅਫਗਾਨਿਸਤਾਨ ਵਿੱਚ ਆਪਣੇ ਸ਼ਾਸਨ ਦੌਰਾਨ ਕੁੜੀਆਂ ਦੀ ਸਿੱਖਿਆ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News