ਮੈਡ੍ਰਿਡ 'ਚ ਨਾਟੋ ਸੰਮੇਲਨ ਦੇ ਮੱਦੇਨਜ਼ਰ 10 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ
Wednesday, Jun 29, 2022 - 04:23 PM (IST)
ਮੈਡ੍ਰਿਡ (ਏਜੰਸੀ)- ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਹੋਣ ਵਾਲੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸੰਮੇਲਨ ਤੋਂ ਪਹਿਲਾਂ ਸੁਰੱਖਿਆ ਲਈ ਲਗਭਗ 10,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਦੁਨੀਆ ਭਰ ਦੇ 40 ਨੇਤਾ ਸੰਮੇਲਨ 'ਚ ਹਿੱਸਾ ਲੈਣਗੇ।
ਪੁਲਸ ਨੇ ਸੰਮੇਲਨ ਵਾਲੀ ਥਾਂ ਨੂੰ ਵੈਨਾਂ ਅਤੇ ਬਖਤਰਬੰਦ ਗੱਡੀਆਂ ਨਾਲ ਘੇਰ ਲਿਆ ਹੈ। ਇਹ ਸੰਮੇਲਨ ਬੁੱਧਵਾਰ ਨੂੰ IFEMA ਕਨਵੈਨਸ਼ਨ ਸੈਂਟਰ ਵਿੱਚ ਸ਼ੁਰੂ ਹੋਵੇਗਾ। ਸਪੇਨ ਦੀ ਨੈਸ਼ਨਲ ਪੁਲਸ ਨੇ ਨਿਗਰਾਨੀ ਲਈ ਡਰੋਨ ਤਾਇਨਾਤ ਕੀਤੇ ਹਨ, ਜਦੋਂ ਕਿ ਸੰਮੇਲਨ ਦੌਰਾਨ ਨਾਗਰਿਕ ਡਰੋਨਾਂ ਉਡਾਉਣ 'ਤੇ ਪਾਬੰਦੀ ਰਹੇਗੀ। ਸਥਾਨਕ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਜੇ ਸੰਭਵ ਹੋਵੇ ਤਾਂ ਮੈਡ੍ਰਿਡ ਦੇ ਨਿਵਾਸੀ ਘਰਾਂ ਤੋਂ ਹੀ ਕੰਮ ਕਰਨ ਅਤੇ ਸੁਰੱਖਿਆ ਪ੍ਰਣਾਲੀਆਂ ਕਾਰਨ ਹੋਣ ਵਾਲੀਆਂ ਟ੍ਰੈਫਿਕ ਸਮੱਸਿਆਵਾਂ ਨੂੰ ਹੋਰ ਜ਼ਿਆਦਾ ਗੁੰਝਲਦਾਰ ਬਣਾਉਣ ਤੋ ਬਚਣ।