ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਤ ਹੋਇਆ 43ਵਾਂ ਮਹਾਨ ਨਗਰ ਕੀਰਤਨ

Tuesday, Nov 08, 2022 - 11:09 AM (IST)

ਫਰਿਜ਼ਨੋ,ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਵਿਚ ਪੰਜਾਬੀਅਤ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਯੂਬਾ ਸ਼ਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਤ 43ਵਾਂ ਨਗਰ ਕੀਰਤਨ ਬਹੁਤ ਹੀ ਚੜ੍ਹਦੀ ਕਲਾ ਵਿੱਚ ਸੰਪੰਨ ਹੋਇਆ। ਕੈਲੀਫੋਰਨੀਆ ਅੰਦਰ ਨਗਰ ਕੀਰਤਨ ਦੀ ਸੁਰੂਆਤ ਇਸੇ 'ਸਿੱਖ ਟੈਂਪਲ' ਤੋਂ ਹੋਈ ਸੀ। ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਬਹੁ ਗਿਣਤੀ ਵਿੱਚ ਸਮੁੱਚੇ ਅਮਰੀਕਾ ਤੋਂ ਇਲਾਵਾ ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਵੀ ਸ਼ਾਮਲ ਹੋਈਆਂ। 

ਇਹ ਨਗਰ ਕੀਰਤਨ ਹੁਣ ਅਨੰਦਪੁਰ ਸਾਹਿਬ ਦੇ ਹੌਲੇ-ਮਹੱਲੇ ਵਾਲੇ ਸੰਗਤਾਂ ਦੇ ਭਾਰੀ ਇਕੱਠ ਦਾ ਰੂਪ ਧਾਰਨ ਕਰ ਚੁੱਕਾ ਹੈ। ਨਗਰ ਕੀਰਤਨ ਨਾਲ ਸੰਬੰਧਤ ਸਮਾਗਮ ਇੱਥੇ ਹਫ਼ਤਾ ਪਹਿਲਾਂ ਚਲ ਪੈਂਦੇ ਹਨ। ਜਿੰਨ੍ਹਾਂ ਵਿੱਚ ਰੋਜ਼ਾਨਾ ਧਰਮ ਪ੍ਰਚਾਰਕ ਅਤੇ ਕੀਰਤਨੀ ਜੱਥੇ ਹਾਜ਼ਰੀਆਂ ਭਰਦੇ ਹਨ। ਸੰਗਤਾਂ ਵੀ ਪਹਿਲਾ ਹੀ ਆ ਸਮਾਗਮਾਂ ਵਿੱਚ ਹਾਜ਼ਰੀਆਂ ਭਰਦੀਆਂ ਹਨ। ਨਗਰ ਕੀਰਤਨ ਦੀ ਸੁਰੂਆਤ ਰਿਵਾਇਤ ਅਨੁਸਾਰ ਅਮਰੀਕਾ ਅਤੇ ਕੈਲੀਫੋਰਨੀਆ ਦੇ ਝੰਡੇ ਨੂੰ ਸਨਮਾਨ ਦਿੰਦੇ ਹੋਏ ਅੱਗੇ ਸਥਾਨ ਦਿੱਤਾ ਗਿਆ। ਇਸ ਉਪਰੰਤ ਪੰਜ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਹੋਏ ਸਿੰਘ ਅਤੇ ਉਪਰੰਤ ਪੰਜ ਪਿਆਰੇ ਅਗਵਾਈ ਕਰ ਰਹੇ ਸਨ। 

PunjabKesari

ਬਹੁਤ ਹੀ ਖੂਬਸੂਰਤ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ। ਇਸ ਬਾਅਦ ਗੁਰਸਿੱਖੀ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀਆਂ ਝਾਕੀਆਂ ਪੇਸ਼ ਕਰਦੇ ਫਲੌਟ ਵੀ ਚਲ ਰਹੇ ਸਨ। ਨਗਰ ਕੀਰਤਨ ਸਮੇਂ ਹੈਲੀਕਪਟਰ ਦੁਆਰਾ ਫੁੱਲਾਂ ਦੀ ਵਰਖਾ ਹੋ ਰਹੀ ਸੀ। ਸਮੁੱਚਾ ਵਾਤਾਵਰਨ ਕੇਸਰੀ, ਪੀਲੀਆਂ, ਨੀਲੀਆਂ ਅਤੇ ਹੋਰ ਰੰਗ-ਬਰੰਗੀਆਂ ਚੁੰਨੀਆਂ ਅਤੇ ਦਸ਼ਤਾਰਾਂ ਨਾਲ ਸਜਿਆ ਨਵੇਂ ਪੰਜਾਬ ਦੀ ਤਸਵੀਰ ਪੇਸ਼ ਕਰ ਰਿਹਾ ਸੀ। ਥਾਂ-ਥਾਂ ਲੱਗੇ ਲੰਗਰ ਸੰਗਤਾਂ ਲਈ ਵੰਨ-ਸੁਵੰਨੇ ਖਾਣੇ ਸੇਵਾ ਕਰ ਰਹੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਮੌਕੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ 

ਇਸ ਸਾਲ ਨਗਰ ਕੀਰਤਨ ਵਿੱਚ ਸੰਗਤਾਂ ਦੀ ਗਿਣਤੀ ਡੇਢ ਲੱਖ ਤੋਂ ਵਧੀਕ ਜਾਪ ਰਹੀ ਸੀ। ਪੂਰਾ ਯੂਬਾ ਸਿਟੀ ਖਾਲਸਾਈ ਰੰਗ ਵਿੱਚ ਰੰਗਿਆ ਪਿਆ ਸੀ। ਇੱਥੋਂ ਦੇ ਗੋਰੇ ਅਤੇ ਮੈਕਸ਼ੀਕਨ ਮੂਲ ਦੇ ਲੋਕ ਵੀ ਪੰਜਾਬੀ ਪਹਿਰਾਵੇ ਵਿੱਚ ਇਸ ਨਗਰ ਕੀਰਤਨ ਦਾ ਅਨੰਦ ਮਾਣ ਰਹੇ ਸਨ।ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਸਿੱਖ ਨੌਜਵਾਨਾਂ ਵਿੱਚ ਪੰਜਾਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੁਆਰਾ ਚਲਾਈ ਮੁਹਿੰਮ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ। ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਦੀ ਰਿਹਾਇਸ, ਸੁਰੱਖਿਆ, ਗੱਡੀਆਂ ਦੀ ਪਾਰਕਿੰਗ ਅਤੇ ਲੰਗਰਾਂ ਦੇ ਪ੍ਰਬੰਧ ਵਧੀਆਂ ਕੀਤੇ ਹੋਏ ਸਨ। ਨਗਰ ਕੀਰਤਨ ਦੌਰਾਨ ਰਸਤੇ ਦੇ ਦੋਨੋ ਪਾਸੇ ਖਾਣਿਆਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲੱਗੇ  ਹੋਏ ਸਨ। ਅੰਤ ਯੂਬਾ ਸ਼ਿਟੀ ਸ਼ਹਿਰ ਦੇ ਮਿੱਥੇ ਪੈਡੇ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਗੁਰੂਘਰ ਪਹੁੰਚ ਸਮਾਪਤ ਹੋਣ ‘ਤੇ ਯਾਦਗਾਰੀ ਹੋ ਨਿਬੜਿਆ।
 


Vandana

Content Editor

Related News