ਹੁਣ ਤੱਕ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਛੱਡਿਆ ਟਰੰਪ ਦਾ ਸਾਥ

03/14/2018 1:49:42 PM

ਵਾਸ਼ਿੰਗਟਨ (ਬਿਊਰੋ)— ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ਵਿਚ ਕਮੀ ਆਈ ਹੈ, ਉੱਥੇ ਉਸ ਦਾ ਸਾਥ ਛੱਡਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਟਰੰਪ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਦੇ ਬਾਅਦ ਪ੍ਰਸ਼ਾਸਨ ਨਾਲੋਂ ਇਕ ਦਰਜਨ ਤੋਂ ਜ਼ਿਆਦਾ ਯੋਗ ਮੈਂਬਰਾਂ ਨੇ ਰਿਸ਼ਤਾ ਤੋੜ ਲਿਆ ਹੈ। ਇਕ ਸੰਸਥਾ ਵਲੋਂ ਕੀਤੇ ਗਏ ਵਿਸ਼ਲੇਸ਼ਣ ਵਿਚ ਪਾਇਆ ਗਿਆ ਕਿ ਟਰੰਪ ਪ੍ਰਸ਼ਾਸਨ ਤੋਂ ਨਿਕਲਣ ਵਾਲੇ ਮੈਂਬਰਾਂ ਦੀ ਦਰ ਪਹਿਲੇ ਪੰਜ ਰਾਸ਼ਟਰਪਤੀਆਂ ਦੀ ਤੁਲਨਾ ਵਿਚ ਵੱਧ ਹੈ। ਇਨ੍ਹਾਂ ਵਿਚੋਂ ਕੁਝ ਮਹੱਤਵਪੂਰਣ ਮੈਂਬਰਾਂ ਬਾਰੇ ਹੇਠਾਂ ਦੱਸਿਆ ਗਿਆ ਹੈ। 
1. ਰੈਕਸ ਟਿਲਰਸਨ, ਵਿਦੇਸ਼ ਮੰਤਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਹਟਾ ਦਿੱਤਾ ਹੈ। ਟਰੰਪ ਨੇ ਨਵਾਂ ਵਿਦੇਸ਼ ਮੰਤਰੀ ਸੀ. ਆਈ. ਏ. ਨਿਦੇਸ਼ਕ ਮਾਈਕ ਪੋਪਿਓ ਨੂੰ ਬਣਾਇਆ ਹੈ। ਟਰੰਪ ਨੇ ਸੋਸ਼ਲ ਮੀਡੀਆ ਜ਼ਰੀਏ ਮੰਗਲਵਾਰ ਨੂੰ ਟਿਲਰਸਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਦੋਹਾਂ ਵਿਚਕਾਰ ਕੁਝ ਚੀਜ਼ਾਂ ਜਿਵੇਂ ਈਰਾਨ ਪਰਮਾਣੂ ਹਥਿਆਰ ਸਮਝੌਤੇ ਨੂੰ ਲੈ ਕੇ ਇਕ ਰਾਏ ਨਹੀਂ ਸੀ। ਅਕਤੂਬਰ ਵਿਚ ਦੋਹਾਂ ਵਿਚਕਾਰ ਵਿਵਾਦ ਦੀ ਖਬਰ ਆਈ ਸੀ, ਜਿਸ ਵਿਚ ਟਿਲਰਸਨ ਨੇ ਟਰੰਪ ਨੂੰ ਗਲਤ ਸ਼ਬਦ ਕਹੇ ਸਨ।
2. ਜੌਨ ਮੈਕਐੱਨਟੀ
20 ਜਨਵਰੀ 2017 ਤੋਂ ਰਾਸ਼ਟਰਪਤੀ ਟਰੰਪ ਨੇ ਨਿੱਜੀ ਸਹਾਇਕ ਜੌਨ ਮੈਕਐੱਨਟੀ ਨੂੰ ਵੀ ਬਰਖਾਸਤ ਕਰ ਦਿੱਤਾ। ਸੂਤਰਾਂ ਮੁਤਾਬਕ ਇਸ ਪਿੱਛੇ ਜੌਨ ਨੂੰ ਲੈ ਕੇ ਸੁਰੱਖਿਆ ਮਨਜ਼ੂਰੀ ਨਾਲ ਜੁੜਿਆ ਮਾਮਲਾ ਸੀ।
3. ਗੈਰੀ ਕੋਹਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਆਰਥਿਕ ਸਲਾਹਕਾਰ ਅਤੇ ਰਾਸ਼ਟਰੀ ਆਰਥਿਕ ਪਰੀਸ਼ਦ ਦੇ ਪ੍ਰਮੁੱਖ ਗੈਰੀ ਕੋਹਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੂਤਰਾਂ ਮੁਤਾਬਕ ਕੋਹਨ ਸਟੀਲ ਅਤੇ ਐਲੂਮੀਨੀਅਮ ਦੇ ਆਯਾਤ 'ਤੇ ਟੈਕਸ ਲਗਾਉਣ ਦੇ ਟਰੰਪ ਪ੍ਰਸ਼ਾਸਨ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਸਨ।
4. ਹੋਪ ਹਿਕਸ
ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੌਰਾਨ ਮੀਡੀਆ ਪ੍ਰਬੰਧਕ ਹੋਪ ਹਿਕਸ ਨੇ ਟਰੰਪ ਦੇ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਸਾਲ 2016 ਦੀਆਂ ਚੋਣਾਂ 'ਤੇ ਰੂਸ ਦੇ ਅਸਰ ਦੀ ਜਾਂਚ ਕਰ ਰਹੀ ਕਾਂਗਰਸ ਪੈਨਲ ਦੇ ਸਾਹਮਣੇ ਹੋਪ ਹਿਕਸ ਨੇ ਇਹ ਮੰਨਿਆ ਕਿ ਉਨ੍ਹਾਂ ਨੇ ਕਦੇ-ਕਦੇ ਆਪਣੇ ਬੌਸ ਲਈ ਝੂਠ ਬੋਲਿਆ ਸੀ। ਇਸ ਗਵਾਹੀ ਦੇ ਠੀਕ ਇਕ ਦਿਨ ਬਾਅਦ ਹੀ ਹੋਪ ਹਿਕਸ ਦੇ ਅਸਤੀਫੇ ਦੀ ਖਬਰ ਆਈ।
5. ਰੌਬ ਪੋਰਟਰ, ਵ੍ਹਾਈਟ ਹਾਊਸ ਸਟਾਫ ਸੈਕਟਰੀ
ਆਪਣੀਆਂ ਦੋ ਸਾਬਕਾ ਪਤਨੀਆਂ ਨਾਲ ਘਰੇਲੂ ਹਿੰਸਾ ਦੇ ਕੋਈ ਦੋਸ਼ਾਂ ਦੇ ਵਿਚਕਾਰ ਰੌਬ ਨੇ ਵੀ ਅਸਤੀਫਾ ਦੇ ਦਿੱਤਾ। ਪੋਰਟਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜਦਕਿ ਸੀਨੀਆਰ ਵ੍ਹਾਈਟ ਹਾਊਸ ਸਟਾਫ ਨੂੰ ਇਨ੍ਹਾਂ ਦੋਸ਼ਾਂ ਦੇ ਬਾਰੇ ਵਿਚ ਪਤਾ ਸੀ ਪਰ ਉਹ ਇਸ ਬਾਰੇ ਵਿਸਤਾਰ ਨਾਲ ਨਹੀਂ ਜਾਣਦੇ ਸਨ।
6. ਟੌਮ ਪ੍ਰਾਈਸ, ਸਿਹਤ ਸਕੱਤਰ
'ਅਫੋਰਡੇਬਲ ਕੇਅਰ ਐਕਟ' ਜਾਂ 'ਓਬਾਮਾਕੇਅਰ' ਦੀ ਪਾਲਿਸੀ ਨੂੰ ਖਤਮ ਕਰਨ ਵਿਚ ਰਾਸ਼ਟਰਪਤੀ ਟਰੰਪ ਦੀਆਂ ਅਸਫਲ ਕੋਸ਼ਿਸ਼ਾਂ ਵਿਚ ਬਤੌਰ ਸਿਹਤ ਸੈਕਟਰੀ ਟੌਮ ਪ੍ਰਾਈਸ ਦਾ ਵੀ ਯੋਗਦਾਨ ਸੀ। ਟੌਮ ਪ੍ਰਾਈਸ ਦੇ ਅਸਤੀਫੇ ਦਾ ਕਾਰਨ ਮਈ ਅਤੇ ਸਤੰਬਰ ਵਿਚ ਆਪਣੀ ਹਵਾਈ ਯਾਤਰਾਵਾਂ 'ਤੇ ਦੱਸ ਲੱਖ ਡਾਲਰ ਤੋਂ ਜ਼ਿਆਦਾ ਖਰਚਾ ਕੀਤਾ ਜਾਣਾ ਸੀ। ਸੂਤਰਾਂ ਮੁਤਾਬਕ ਰਾਸ਼ਟਰਪਤੀ ਟਰੰਪ ਇਸ ਤੋਂ ਖੁਸ਼ ਨਹੀਂ ਸਨ। ਇਸ ਮਗਰੋਂ ਪ੍ਰਾਈਸ ਨੇ ਵੀ ਅਸਤੀਫਾ ਦੇ ਦਿੱਤਾ।
ਇਨ੍ਹਾਂ ਸਾਰਿਆਂ ਤੋਂ ਇਲਾਵਾ ਸਟੀਵ ਬੈਨਨ,ਐਂਡਰਿਊ ਮੈਕਕੈਬੇ, ਦੀਨਾ ਪੋਵੈਲ, ਸੇਬਾਸਟੀਅਨ ਗੋਰਖਾ, ਐਂਥਨੀ ਸਕੈਮੁਚੀ, ਸਿਆਨ ਸਪਾਈਸਰ, ਮਾਈਕ ਡੁਬਕੇ, ਜੇਮਜ਼ ਕੋਮੇ, ਮਾਈਕ ਫਲਾਈਨ, ਸੈਲੀ ਯੇਟਸ ਆਦਿ ਹਨ।


Related News