ਮੀਰੀ ਪੀਰੀ ਸਪੋਰਟਸ ਅਤੇ ਕਲੱਚਰਲ ਕਲੱਬ ਵਲੋਂ ਤੀਜਾ ਕਬੱਡੀ ਕੱਪ 29 ਮਾਰਚ ਨੂੰ

Friday, Feb 21, 2025 - 12:12 PM (IST)

ਮੀਰੀ ਪੀਰੀ ਸਪੋਰਟਸ ਅਤੇ ਕਲੱਚਰਲ ਕਲੱਬ ਵਲੋਂ ਤੀਜਾ ਕਬੱਡੀ ਕੱਪ 29 ਮਾਰਚ ਨੂੰ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੀਰੀ ਪੀਰੀ ਸਪੋਰਟਸ ਅਤੇ ਕਲਚਰਲ ਕਲੱਬ ਮੈਲਬੌਰਨ ਵਲੋਂ ਤੀਜਾ ਕਬੱਡੀ ਕੱਪ 29 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਸਬੰਧੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਬੋਨੀਬਰੁੱਕ ਇਲਾਕੇ ਦੇ ਗੋਲਡਨ ਪਾਲਨ ਰਿਸੈਪਸ਼ਨ ਵਿਖੇ ਇੱਕ ਰਸਮੀ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਕਬੱਡੀ ਪ੍ਰੇਮੀ ਪਹੁੰਚੇ ਹੋਏ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਤੇ ਪਾਰਟੀ ਦੇ ਉਪ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਜਿੱਥੇ ਪ੍ਰਬੰਧਕਾਂ ਨੂੰ ਕਬੱਡੀ ਕੱਪ ਦੇ ਲਈ ਮੁਬਾਰਕਬਾਦ ਦਿੱਤੀ, ਉੱਥੇ ਹੀ ਆਏ ਹੋਏ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਕਲਸੀ ਵੱਲੋਂ ਰਸਮੀ ਤੌਰ 'ਤੇ ਤੀਜੇ ਕੱਬਡੀ ਕੱਪ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਬੱਡੀ ਕੱਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਬਧੰਕਾਂ ਗੋਪੀ ਸ਼ੋਕਰ, ਮੋਂਟੀ ਬੈਨੀਪਾਲ, ਸੁਖਰਾਜ ਰੋਮਾਣਾ, ਵਿੱਕੀ ਸੰਧੂ ਰਖਾਲਾ ਤੇ ਪ੍ਰਗਟ ਔਲਖ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤੀਜੇ ਕਬੱਡੀ ਕੱਪ ਦੀਆਂ ਤਿਆਰੀਆਂ ਜੋਰਾਂ 'ਤੇ ਹਨ ਅਤੇ ਇਸ ਵਾਰ ਵੀ ਕੱਬਡੀ ਜਗਤ ਦੇ ਨਾਮਵਰ ਖਿਡਾਰੀ ਭਾਗ ਲੈਣ ਜਾ ਰਹੇ ਹਨ ਤੇ ਸਾਰੇ ਮੈਚ ਹੋਣਗੇ। ਖਿਡਾਰੀਆਂ ਲਈ ਆਕਰਸ਼ਕ ਇਨਾਮ ਵੀ ਰੱਖੇ ਗਏ ਹਨ ਤੇ ਇਸ ਵਾਰ ਵੀ ਕਬੱਡੀ ਕੱਪ ਦੌਰਾਨ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪ੍ਰਬੰਧਕਾਂ ਵੱਲੋਂ ਕਬੱਡੀ ਪ੍ਰੇਮੀਆਂ ਨੂੰ ਇਸ ਕੱਬਡੀ ਮੇਲੇ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ।


author

cherry

Content Editor

Related News