ਅੱਤਵਾਦ ਮੁੱਦੇ ''ਤੇ ਪਾਕਿ ਨੂੰ ਜਵਾਬਦੇਹ ਠਹਿਰਾਵਾਂਗੇ : ਮਾਈਕ ਪੋਂਪਿਓ
Wednesday, Oct 24, 2018 - 10:18 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੱਸਿਆ ਕਿ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਚ ਅੱਤਵਾਦੀਆਂ 'ਤੇ ਲਗਾਮ ਲਗਾਉਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ 'ਤੇ ਅਮਰੀਕਾ ਆਪਣੇ ਇਸ ਯੁੱਧ ਹਿੱਸੇਦਾਰ ਨੂੰ ਜਵਾਬਦੇਹ ਠਹਿਰਾਏਗਾ। ਪੋਂਪਿਓ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਫਗਾਨਿਸਤਾਨ ਵਿਚ ਲੰਬੇ ਸਮੇਂ ਬਾਅਦ ਹੋਈਆਂ ਸੰਸਦੀ ਚੋਣਾਂ ਦਾ ਸਵਾਗਤ ਕਰਦੇ ਹਨ। ਅਫਗਾਨਿਸਤਾਨ ਵਿਚ ਇਸ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਪੈਦਾ ਹੋਈਆਂ ਸਮੱਸਿਆਵਾਂ ਦੇ ਬਾਅਦ ਵੀ ਵੋਟਰਾਂ ਦੀ ਗਿਣਤੀ ਨੂੰ ਦੇਖ ਕੇ ਅਮਰੀਕਾ ਉਤਸ਼ਾਹਿਤ ਹੈ।
ਵਿਦੇਸ਼ ਮੰਤਰੀ ਤੋਂ ਜਦੋਂ ਪੱਤਰਕਾਰਾਂ ਨੇ ਇਸ ਵਿਚ ਪਾਕਿਸਤਾਨ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ,''ਸਾਡੀ ਆਸ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਆਪਣੀ ਪੱਛਮੀ ਸੀਮਾ 'ਤੇ ਸੁਰੱਖਿਅਤ ਠਿਕਾਣੇ ਮੁਹੱਈਆ ਨਹੀਂ ਕਰਾਏਗਾ।'' ਉਨ੍ਹਾਂ ਨੇ ਅੱਗੇ ਕਿਹਾ,''ਪਾਕਿਸਤਾਨ ਨੂੰ ਇਸ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਇਸ ਗੱਲ ਦਾ ਸੰਦੇਸ਼ ਨਹੀਂ ਦਿੱਤਾ ਜਾ ਸਕਦਾ। ਜੇ ਪਾਕਿਸਤਾਨ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।''
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਬੀਤੇ ਮਹੀਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਿਲਟਰੀ ਮਦਦ ਵਿਚੋਂ 30 ਕਰੋੜ ਅਮਰੀਕੀ ਡਾਲਰ ਦੀ ਮਦਦ ਵਿਚ ਕਟੌਤੀ ਕੀਤੀ ਸੀ। ਅਮਰੀਕਾ ਦਾ ਮੰਨਣਾ ਸੀ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਹੁਣ ਵੀ ਅੱਤਵਾਦੀਆਂ ਨਾਲ ਸਬੰਧ ਰੱਖ ਰਿਹਾ ਹੈ।