''ਮੋਦੀ-ਮੋਦੀ'' ਦੇ ਨਾਅਰਿਆਂ ਨਾਲ ਗੂੰਜਿਆ ਮੈਲਬੌਰਨ, ਸ਼ਾਨਦਾਰ ਹੋਏ ਸਵਾਗਤ ''ਤੇ PM ਨੇ ਕਹੀ ਇਹ ਗੱਲ

Thursday, Jul 09, 2026 - 04:08 AM (IST)

''ਮੋਦੀ-ਮੋਦੀ'' ਦੇ ਨਾਅਰਿਆਂ ਨਾਲ ਗੂੰਜਿਆ ਮੈਲਬੌਰਨ, ਸ਼ਾਨਦਾਰ ਹੋਏ ਸਵਾਗਤ ''ਤੇ PM ਨੇ ਕਹੀ ਇਹ ਗੱਲ

ਮੈਲਬੌਰਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦਿਨਾਂ ਅਧਿਕਾਰਤ ਯਾਤਰਾ ਦੇ ਦੂਜੇ ਪੜਾਅ ਵਿੱਚ ਬੁੱਧਵਾਰ ਨੂੰ ਆਸਟ੍ਰੇਲੀਆ ਪਹੁੰਚੇ, ਜਿੱਥੇ ਮੈਲਬੌਰਨ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉੱਥੇ ਰਹਿ ਰਹੇ ਭਾਰਤੀ ਮੂਲ ਦੇ ਨਿਵਾਸੀਆਂ ਨੇ 'ਵੰਦੇ ਮਾਤਰਮ', 'ਭਾਰਤ ਮਾਤਾ ਦੀ ਜੈ' ਅਤੇ 'ਮੋਦੀ, ਮੋਦੀ' ਦੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਭਾਰਤੀ ਪ੍ਰਵਾਸੀਆਂ ਨੇ ਪੀਐਮ ਮੋਦੀ ਦੇ ਸਵਾਗਤ ਵਿੱਚ ਕਈ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ, ਜਿਸ ਨੇ ਖੁਦ ਪੀਐਮ ਮੋਦੀ ਦਾ ਵੀ ਮਨ ਮੋਹ ਲਿਆ।

ਪੀਐਮ ਮੋਦੀ ਨੇ ਕੀਤੀ ਤਾਰੀਫ਼
ਆਸਟ੍ਰੇਲੀਆਈ ਭਾਰਤੀ ਆਰਕੈਸਟਰਾ ਦੁਆਰਾ 'ਵੰਦੇ ਮਾਤਰਮ' ਦੀ ਪੇਸ਼ਕਾਰੀ ਨੇ ਸਵਾਗਤ ਸਮਾਰੋਹ ਵਿੱਚ ਰੰਗ ਬੰਨ੍ਹ ਦਿੱਤਾ। ਇਸ ਤੋਂ ਇਲਾਵਾ, ਮੈਲਬੌਰਨ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਪੇਸ਼ ਕੀਤੇ ਗਏ ਸ਼ਾਨਦਾਰ ਕੱਥਕ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਪੀਐਮ ਮੋਦੀ ਨੇ ਲਿਖਿਆ, 'ਮੈਲਬੌਰਨ ਵਿੱਚ ਭਾਰਤੀ ਭਾਈਚਾਰੇ ਵੱਲੋਂ ਸਵਾਗਤ ਦੌਰਾਨ ਸ਼ਾਨਦਾਰ ਕੱਥਕ ਪ੍ਰਦਰਸ਼ਨ ਦੇਖ ਕੇ ਬਹੁਤ ਪ੍ਰਸੰਨਤਾ ਹੋਈ। ਇਹ ਦੇਖ ਕੇ ਚੰਗਾ ਲੱਗਿਆ ਕਿ ਭਾਰਤੀ ਨਾਚ ਕਲਾਵਾਂ ਪੂਰੇ ਆਸਟ੍ਰੇਲੀਆ ਵਿੱਚ ਪ੍ਰਸਿੱਧ ਹੋ ਰਹੀਆਂ ਹਨ'।

ਭਾਰਤ-ਆਸਟ੍ਰੇਲੀਆ ਦੇ ਸਬੰਧਾਂ ਨੂੰ ਮਿਲੇਗੀ ਨਵੀਂ ਦਿਸ਼ਾ
ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਵਿੱਚ ਪੀਐਮ ਦੇ ਦੌਰੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ। ਡਾਇਸਪੋਰਾ ਦੇ ਮੈਂਬਰਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ, ਤਕਨੀਕੀ ਅਤੇ ਰਣਨੀਤਕ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਵਕਾਲਤ ਕੀਤੀ। ਆਸਟ੍ਰੇਲੀਆ-ਇੰਡੀਆ ਬਿਜ਼ਨਸ ਕੌਂਸਲ ਦੇ ਖਜ਼ਾਨਚੀ ਪ੍ਰਕਾਸ਼ ਗੁਪਤਾ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਭਵਿੱਖ ਬਾਰੇ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਪਹਿਲਾਂ ਦੋਵਾਂ ਦੇਸ਼ਾਂ ਦਾ ਦੁਵੱਲਾ ਵਪਾਰ ਜਿੱਥੇ ਮਹਿਜ਼ 14 ਅਰਬ ਡਾਲਰ ਸੀ, ਉੱਥੇ ਹੀ ਹੁਣ ਇਹ ਵਧ ਕੇ ਲਗਭਗ 55 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ। ਉਮੀਦ ਹੈ ਕਿ ਸਾਲ 2030 ਤੱਕ ਇਹ ਵਪਾਰਕ ਅੰਕੜਾ 100 ਅਰਬ ਡਾਲਰ ਨੂੰ ਪਾਰ ਕਰ ਜਾਵੇਗਾ।


author

Inder Prajapati

Content Editor

Related News