ਮਾਲਦੀਵ ਨੇ ਭਾਰਤ ਨੂੰ ਦਿੱਤੀ ਚਿਤਾਵਨੀ

02/23/2018 8:25:14 PM

ਮਾਲੇ (ਭਾਸ਼ਾ)- ਮਾਲਦੀਵ ਨੇ ਭਾਰਤ ਨੂੰ ਅਜਿਹੀ ਕਿਸੇ ਕਾਰਵਾਈ ਦੇ ਖਿਲਾਫ ਚਿਤਾਵਨੀ ਦਿੱਤੀ ਹੈ ਜਿਸ ਨਾਲ ਦੇਸ਼ ਵਿਚ ਰਾਜਨੀਤਕ ਸੰਕਟ ਸੁਲਝਾਉਣ ਵਿਚ ਅੜਿੱਕਾ ਪੈਦਾ ਹੋਣ ਦੀ ਆਸ਼ੰਕਾ ਹੋਵੇ। ਭਾਰਤ ਵਲੋਂ ਮਾਲਦੀਵ ਵਿਚ ਐਮਰਜੈਂਸੀ ਦੀ ਮਿਆਦ ਵਧਾਉਣ ਉੱਤੇ ਚਿੰਤਾ ਜਤਾਉਣ ਦੌਰਾਨ ਮਾਲਦੀਵ ਨੇ ਇਹ ਬਿਆਨ ਦਿੱਤਾ ਹੈ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਲ ਰਾਤ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀ ਸਰਕਾਰ ਨੇ ਭਾਰਤ ਸਰਕਾਰ ਵਲੋਂ ਜਾਰੀ ਜਨਤਕ ਬਿਆਨਾਂ ਉੱਤੇ ਗੌਰ ਕੀਤਾ ਹੈ, ਜਿਸ ਵਿਚ ਮਾਲਦੀਵ ਦੇ ਮੌਜੂਦਾ ਰਾਜਨੀਤਕ ਘਟਨਾਕ੍ਰਮ ਸਬੰਧੀ ਤੱਥਾਂ ਅਤੇ ਜ਼ਮੀਨੀ ਹਕੀਕਤ ਦੀ ਅਣਦੇਖੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਦਾ ਇਹ ਕਹਿਣਾ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣਾ ਹੈ ਕਿ ਐਮਰਜੈਂਸੀ ਦੀ ਮਿਆਦ ਵਿਚ 30 ਦਿਨਾਂ ਦਾ ਵਾਧਾ ਅਸੰਵਿਧਾਨਕ ਹੈ। ਉਸ ਨੇ ਕਿਹਾ ਕਿ ਭਾਰਤ ਨੇ ਆਪਣੇ ਬਿਆਨ ਵਿਚ ਮਾਲਦੀਵ ਦੇ ਸੰਵਿਧਾਨ ਅਤੇ ਕਾਨੂੰਨ ਦੀ ਅਣਦੇਖੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਲਦੀਵ ਆਪਣੇ ਇਤਿਹਾਸ ਦੇ ਸਭ ਤੋਂ ਮੁਸ਼ਕਲ ਦੌਰ ਵਿਚੋਂ ਇਕ ਵਿਚੋਂ ਲੰਘ ਰਿਹਾ ਹੈ। ਲਿਹਾਜ਼ਾ, ਇਹ ਅਹਿਮ ਹੈ ਕਿ ਭਾਰਤ ਸਣੇ ਕੌਮਾਂਤਰੀ ਭਾਈਚਾਰੇ ਵਿਚ ਦੋਸਤ ਅਤੇ ਭਾਈਵਾਲ ਅਜਿਹੀ ਕਿਸੇ ਕਾਰਵਾਈ ਤੋਂ ਦੂਰ ਰਹਿਣ ਜਿਸ ਨਾਲ ਦੇਸ਼ ਸਾਹਮਣੇ ਮੌਜੂਦ ਹਾਲਾਤ ਨੂੰ ਸੁਲਝਾਉਣ ਵਿਚ ਅੜਿੱਕਾ ਪੈਦਾ ਹੁੰਦਾ ਹੋਵੇ। ਬਿਆਨ ਮੁਤਾਬਕ ਮਾਲਦੀਵ ਸਰਕਾਰ ਭਾਰਤ ਸਣੇ ਕੌਮਾਂਤਰੀ ਭਾਈਚਾਰੇ ਦੇ ਨਾਲ ਕਰੀਬੀ ਤੌਰ ਉੱਤੇ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੋਹਰਾਉਂਦੀ ਹੈ ਤਾਂ ਜੋ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾ ਸਕਣ। ਮਾਲਦੀਵ ਵਿਚ ਐਮਰਜੈਂਸੀ ਦੀ ਮਿਆਦ ਵਧਾਉਣ ਉੱਤੇ ਨਾਖੁਸ਼ੀ ਜ਼ਾਹਿਰ ਕਰਦੇ ਹੋਏ ਭਾਰਤ ਨੇ ਕਲ ਕਿਹਾ ਸੀ ਕਿ ਉਹ ਅਜਿਹਾ ਕਰਨ ਲਈ ਮਾਲਦੀਵ ਦੀ ਸੰਸਦ ਕੋਲ ਕੋਈ ਠੋਸ ਵਜ੍ਹਾ ਨਹੀਂ ਦੇਖਦਾ ਅਤੇ ਉਹ ਇਸ ਦੋ ਪੱਖੀ ਰਾਸ਼ਟਰ ਦੇ ਹਾਲਾਤ ਉੱਤੇ ਨਜ਼ਰ ਰੱਖ ਰਿਹਾ ਹੈ।


Related News