ਰੂਸ ਨੇ ਯੂਕ੍ਰੇਨ ਦੇ 1,400 ਤੋਂ ਵੱਧ ਡਰੋਨ ਮਾਰ ਡੇਗੇ; ਕੀਵ ਨੇ ਕ੍ਰੀਮੀਆ ''ਚ ਮਹੱਤਵਪੂਰਨ ਪੁਲ ਨੂੰ ਬਣਾਇਆ ਨਿਸ਼ਾਨਾ
Wednesday, Nov 18, 2026 - 02:06 PM (IST)
ਮਾਸਕੋ (ਏਜੰਸੀ)- ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਲਗਾਤਾਰ ਦੂਜੀ ਰਾਤ ਵੱਡੇ ਪੱਧਰ ’ਤੇ ਹੋਏ ਹਮਲਿਆਂ ਦੌਰਾਨ ਯੂਕ੍ਰੇਨ ਦੇ 1,400 ਤੋਂ ਵੱਧ ਡਰੋਨ ਮਾਰ ਡੇਗੇ। ਉੱਥੇ ਹੀ, ਯੂਕ੍ਰੇਨ ਦੀ ਫ਼ੌਜ ਨੇ ਲਗਾਤਾਰ ਦੂਜੇ ਦਿਨ ਰੂਸ ਅਤੇ ਕ੍ਰੀਮੀਆ ਪ੍ਰਾਇਦੀਪ ਨੂੰ ਜੋੜਨ ਵਾਲੇ ਇਕ ਅਹਿਮ ਰੇਲ ਅਤੇ ਸੜਕ ਪੁਲ ਨੂੰ ਨਿਸ਼ਾਨਾ ਬਣਾਇਆ।
ਇਸ ਦੌਰਾਨ, ਰੂਸ ਦੀ ਫ਼ੌਜ ਨੇ ਕੀਵ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਇਸ ਵਿਚ ਯੂਕ੍ਰੇਨ ਦੀ ਰਾਜਧਾਨੀ ਦੇ ਦੋ ਪ੍ਰਮੁੱਖ ਪੁਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਹਵਾਈ ਹਮਲਿਆਂ ਵਿਚ ਇਹ ਸਪੱਸ਼ਟ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਰੂਸ ਅਤੇ ਯੂਕ੍ਰੇਨ, ਜੰਗ ਖ਼ਤਮ ਕਰਨ ਦੇ ਉਦੇਸ਼ ਨਾਲ ਅਮਰੀਕਾ ਦੀ ਵਿਚੋਲਗੀ ਹੇਠ ਹੋਣ ਵਾਲੀ ਅਗਲੇ ਦੌਰ ਦੀ ਗੱਲਬਾਤ ਲਈ ਤਿਆਰ ਹਨ। ਇਹ ਜੰਗ 24 ਫਰਵਰੀ, 2022 ਨੂੰ ਰੂਸ ਵੱਲੋਂ ਆਪਣੇ ਗੁਆਂਢੀ ਦੇਸ਼ ’ਤੇ ਕੀਤੇ ਗਏ ਵੱਡੇ ਹਮਲੇ ਨਾਲ ਸ਼ੁਰੂ ਹੋਈ ਸੀ।
ਰੂਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ 1,336 ਯੂਕ੍ਰੇਨੀ ਡਰੋਨ ਮਾਰ ਡੇਗੇ, ਜੋ ਜੰਗ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਤੋਂ ਅਗਲੇ ਦਿਨ ਮੰਗਲਵਾਰ ਨੂੰ ਰੂਸ ਨੇ ਦਾਅਵਾ ਕੀਤਾ ਕਿ ਉਸ ਨੇ 1,441 ਯੂਕ੍ਰੇਨੀ ਡਰੋਨ ਮਾਰ ਡੇਗੇ। ਸੋਮਵਾਰ ਨੂੰ ਯੂਕ੍ਰੇਨ ਨੇ ਵਿਸ਼ਾਲ ਕੇਰਚ ਪੁਲ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਹ ਪੁਲ ਰੂਸ ਤੋਂ ਕ੍ਰੀਮੀਆ ਤੱਕ ਫ਼ੌਜੀ ਅਤੇ ਨਾਗਰਿਕ ਸਪਲਾਈ ਪਹੁੰਚਾਉਣ ਦਾ ਇਕ ਅਹਿਮ ਰਸਤਾ ਹੈ। ਇਹ 2014 ਵਿਚ ਪ੍ਰਾਇਦੀਪ ’ਤੇ ਰੂਸ ਦੇ ਨਾਜਾਇਜ਼ ਕਬਜ਼ੇ ਦਾ ਇਕ ਪ੍ਰਮੁੱਖ ਪ੍ਰਤੀਕ ਵੀ ਹੈ।
