ਜਾਣੋ ਕਿਵੇਂ ਹੁੰਦੀ ਹੈ ਪੋਪ ਦੀ ਚੋਣ
Monday, Apr 21, 2025 - 02:36 PM (IST)

ਇੰਟਰਨੈਸ਼ਨਲ ਡੈਸਕ- ਇਟਲੀ ਵਿਚ ਅੱਜ ਬਿਸ਼ਪ ਪੋਪ ਫ੍ਰਾਂਸਿਸ ਨੇ ਆਖਰੀ ਸਾਹ ਲਿਆ। ਉਹ 88 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਨਾਲ ਦੁਨੀਆ ਭਰ ਵਿਚ ਸੋਗ ਦੀ ਲਹਿਰ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਕ ਪੋਪ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਇਸ ਸਬੰਧੀ ਕੁਝ ਖਾਸ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਕਾਰਡੀਨਲਾਂ ਵੱਲੋਂ ਪੋਪ ਦੀ ਚੋਣ
ਬੀ.ਬੀ.ਸੀ ਦੀ ਰਿਪੋਰਟ ਮੁਤਾਬਕ ਪੋਪ ਦੀ ਚੋਣ 'ਕਾਰਡੀਨਲਾਂ ਦੇ ਕਾਲਜ' ਦੁਆਰਾ ਕੀਤੀ ਜਾਂਦੀ ਹੈ ਜੋ ਚਰਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਹੁੰਦੇ ਹਨ। ਉਨ੍ਹਾਂ ਦੀ ਨਿਯੁਕਤੀ ਪੋਪ ਦੁਆਰਾ ਕੀਤੀ ਜਾਂਦੀ ਹੈ ਅਤੇ ਆਮ ਤੌਰ 'ਤੇ ਬਿਸ਼ਪ ਨਿਯੁਕਤ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਵੈਟੀਕਨ ਵਿਖੇ ਮੀਟਿੰਗ ਲਈ ਬੁਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੋਪ ਦੀ ਚੋਣ ਜਾਂ ਕਨਕਲੇਵ ਹੁੰਦਾ ਹੈ।
ਮੌਜੂਦਾ ਸਮੇਂ 69 ਦੇਸ਼ਾਂ ਦੇ 203 ਕਾਰਡੀਨਲ ਹਨ। 1975 ਵਿੱਚ ਕਨਕਲੇਵ ਦੇ ਨਿਯਮਾਂ ਨੂੰ ਬਦਲਿਆ ਗਿਆ ਸੀ। ਜਿਸ ਤਹਿਤ 80 ਸਾਲ ਤੋਂ ਵੱਧ ਉਮਰ ਦੇ ਸਾਰੇ ਕਾਰਡੀਨਲਾਂ ਨੂੰ ਵੋਟ ਪਾਉਣ ਤੋਂ ਬਾਹਰ ਰੱਖਿਆ ਗਿਆ ਸੀ। ਕਾਰਡੀਨਲ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 120 ਹੈ। ਪਿਛਲੇ ਕਨਕਲੇਵ ਦੌਰਾਨ 115 ਕਾਰਡੀਨਲ ਚੋਣਕਾਰ ਸਨ। ਵੋਟ ਪਾਉਣ ਦੇ ਯੋਗ ਹੋਣ ਲਈ ਉਨ੍ਹਾਂ ਦੀ ਉਮਰ 80 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਆਮ ਤੌਰ 'ਤੇ ਕਾਰਡੀਨਲਾਂ ਦੇ ਕਾਲਜ ਦੇ ਡੀਨ ਕਨਕਲੇਵ ਨੂੰ ਬੁਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ।
ਪੋਪ ਦੇ ਅਸਤੀਫ਼ੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਵਿਚਕਾਰ ਵਾਲੇ ਸਮੇਂ ਵਿੱਚ ਕਾਰਡੀਨਲ ਕਾਲਜ ਚਰਚ ਦਾ ਸੰਚਾਲਨ ਕਰਦਾ ਹੈ, ਜਿਸ ਦੀ ਅਗਵਾਈ 2013 ਵਿੱਚ ਕਾਰਡੀਨਲ ਟਾਰਸੀਸੀਓ ਬਰਟੋਨ ਨੇ ਕੀਤੀ ਸੀ ਜਿਨ੍ਹਾਂ ਨੇ ਕਾਰਡੀਨਲ ਕੈਮਰਲੇਂਗੋ ਜਾਂ ਚੈਂਬਰਲੇਨ ਦੇ ਰੂਪ ਵਿੱਚ ਕਾਰਜ ਕੀਤਾ ਸੀ। ਪੂਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਉਨ੍ਹਾਂ ਦਾ ਕੰਮ ਸੀ, ਜਿਸ ਵਿੱਚ ਵੈਟੀਕਨ ਦੇ ਸਿਸਟੀਨ ਚੈਪਲ ਦੇ ਅੰਦਰ ਰੋਜ਼ਾਨਾ ਚਾਰ ਵਾਰ ਗੁਪਤ ਮਤਦਾਨ ਹੁੰਦਾ ਹੈ। ਕਨਕਲੇਵ ਦੌਰਾਨ ਕਾਰਡੀਨਲ ਵੈਟੀਕਨ ਦੇ ਅੰਦਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਬਾਹਰੀ ਦੁਨੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਦੀ ਆਗਿਆ ਨਹੀਂ ਹੁੰਦੀ। ਇਸ ਸਮੇਂ ਦੌਰਾਨ ਸਾਰੇ ਕਾਰਡੀਨਲ ਜਿਸ ਵਿੱਚ ਸੇਵਾਮੁਕਤ ਕਾਰਡੀਨਲ ਵੀ ਸ਼ਾਮਲ ਹੁੰਦੇ ਹਨ, ਉਹ ਸੰਭਾਵਿਤ ਉਮੀਦਵਾਰਾਂ ਦੇ ਗੁਣਾਂ ਬਾਰੇ ਸਖ਼ਤੀ ਨਾਲ ਗੁਪਤਤਾ ਰੱਖਦੇ ਹੋਏ ਚਰਚਾ ਕਰਨੀ ਸ਼ੁਰੂ ਕਰ ਦਿੰਦੇ ਹਨ। ਕਾਰਡੀਨਲਾਂ ਨੂੰ ਆਪਣੇ ਵਿੱਚੋਂ ਕਿਸੇ ਨੂੰ ਚੁਣਨ ਦੀ ਲੋੜ ਨਹੀਂ ਹੁੰਦੀ। ਸਿਧਾਂਤਕ ਤੌਰ 'ਤੇ ਕੋਈ ਵੀ ਬਪਤਿਸਮਾ ਪ੍ਰਾਪਤ ਪੁਰਸ਼ ਕੈਥੋਲਿਕ ਪੋਪ ਚੁਣਿਆ ਜਾ ਸਕਦਾ ਹੈ।
ਗੁਪਤ ਕਨਕਲੇਵ
ਪੋਪ ਦੀ ਚੋਣ ਆਧੁਨਿਕ ਦੁਨੀਆ ਵਿੱਚ ਵਿਲੱਖਣ ਗੁਪਤਤਾ ਦੀ ਸਥਿਤੀ ਵਿੱਚ ਕੀਤੀ ਜਾਂਦੀ ਹੈ। ਕਾਰਡੀਨਲਾਂ ਨੂੰ ਵੈਟੀਕਨ ਵਿੱਚ ਉਦੋਂ ਤੱਕ ਬੰਦ ਰੱਖਿਆ ਜਾਂਦਾ ਹੈ ਜਦੋਂ ਤੱਕ ਉਹ ਕਿਸੇ ਸਮਝੌਤੇ 'ਤੇ ਨਹੀਂ ਪਹੁੰਚ ਜਾਂਦੇ। ਕਨਕਲੇਵ ਸ਼ਬਦ ਦਾ ਅਰਥ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਸੱਚਮੁੱਚ 'ਇੱਕ ਚਾਬੀ ਨਾਲ' ਬੰਦ ਕਰ ਦਿੱਤਾ ਜਾਂਦਾ ਹੈ। ਚੋਣ ਪ੍ਰਕਿਰਿਆ ਵਿੱਚ ਕਈ ਦਿਨ ਲੱਗ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਨਹੀਂ ਰਹੇ ਪੋਪ ਫ੍ਰਾਂਸਿਸ, 88 ਸਾਲ ਦੀ ਉਮਰ 'ਚ ਮੌਤ
ਵੋਟ ਪਾਉਣ ਦੀਆਂ ਰਵਾਇਤਾਂ
ਵੋਟਿੰਗ ਸਿਸਟੀਨ ਚੈਪਲ ਵਿੱਚ ਹੁੰਦੀ ਹੈ,ਬੈਲੇਟ ਪੇਪਰ ਆਇਤਾਕਾਰ ਹੁੰਦਾ ਹੈ। ਇਸ ਦੇ ਉੱਪਰਲੇ ਅੱਧੇ ਭਾਗ 'ਤੇ "ਅਲਿਗਿਓ ਇਨ ਸੁੰਮਮ ਪੋਂਟੀਫਿਸਮ" (Eligio in Summum Pontificem) (ਮੈਂ ਸੁਪਰੀਮ ਪੋਪ ਦੇ ਰੂਪ ਵਿੱਚ ਚੁਣਦਾ ਹਾਂ') ਸ਼ਬਦ ਛਪੇ ਹੁੰਦੇ ਹਨ। ਹੇਠਾਂ ਚੁਣੇ ਗਏ ਵਿਅਕਤੀ ਦੇ ਨਾਮ ਲਈ ਜਗ੍ਹਾ ਹੁੰਦੀ ਹੈ। ਕਾਰਡੀਨਲਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਨਾਮ ਇਸ ਤਰ੍ਹਾਂ ਨਾਲ ਲਿਖਣ ਕਿ ਉਨ੍ਹਾਂ ਦੀ ਪਛਾਣ ਨਾ ਹੋਵੇ ਅਤੇ ਕਾਗਜ਼ ਨੂੰ ਦੋ ਵਾਰ ਮੋੜਨ। ਸਾਰੀਆਂ ਵੋਟਾਂ ਪੈਣ ਤੋਂ ਬਾਅਦ ਬੈਲਟ ਪੇਪਰਾਂ ਨੂੰ ਮਿਲਾਇਆ ਜਾਂਦਾ ਹੈ, ਗਿਣਿਆ ਜਾਂਦਾ ਹੈ ਅਤੇ ਖੋਲ੍ਹਿਆ ਜਾਂਦਾ ਹੈ।
ਜਿਵੇਂ ਹੀ ਬੈਲੇਟ ਪੇਪਰਾਂ ਦੀ ਗਿਣਤੀ ਹੁੰਦੀ ਹੈ, ਜਾਂਚ ਕਰਨ ਵਾਲਿਆਂ ਵਿੱਚੋਂ ਇੱਕ ਵਿਅਕਤੀ ਉਨ੍ਹਾਂ ਕਾਰਡੀਨਲਾਂ ਦੇ ਨਾਮ ਪੁਕਾਰਦਾ ਹੈ ਜਿਨ੍ਹਾਂ ਨੂੰ ਵੋਟਾਂ ਮਿਲੀਆਂ ਹਨ। ਉਹ ਹਰੇਕ ਬੈਲੇਟ ਪੇਪਰ ਨੂੰ ਸੂਈ ਨਾਲ ਵਿੰਨ੍ਹਦਾ ਹੈ। 'ਏਲੀਗਿਓ' ਸ਼ਬਦ ਰਾਹੀਂ ਸਾਰੇ ਬੈਲਟ ਪੇਪਰਾਂ ਨੂੰ ਇੱਕ ਧਾਗੇ 'ਤੇ ਰੱਖਦਾ ਹੈ। ਇਸ ਤੋਂ ਬਾਅਦ ਬੈਲਟ ਪੇਪਰਾਂ ਨੂੰ ਸਾੜ ਦਿੱਤਾ ਜਾਂਦਾ ਹੈ- ਜਿਸ ਤੋਂ ਨਿਕਲਣ ਵਾਲਾ ਧੂੰਆਂ ਬਾਹਰ ਖੜ੍ਹੇ ਦਰਸ਼ਕਾਂ ਨੂੰ ਦਿਖਾਈ ਦਿੰਦਾ ਹੈ, ਜੋ ਰਵਾਇਤੀ ਤੌਰ 'ਤੇ ਨਵੇਂ ਪੋਪ ਦੇ ਚੁਣੇ ਜਾਣ ਦੇ ਬਾਅਦ ਕਾਲੇ ਤੋਂ ਚਿੱਟੇ ਰੰਗ ਵਿੱਚ ਬਦਲ ਜਾਂਦਾ ਹੈ।
ਹਾਲ ਹੀ ਵਿੱਚ ਇਸ ਲਈ ਰੰਗ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਜੇਕਰ ਦੂਜੀ ਵੋਟਿੰਗ ਤੁਰੰਤ ਹੋਣੀ ਹੈ ਤਾਂ ਪਹਿਲੀ ਵੋਟਿੰਗ ਦੇ ਬੈਲੇਟ ਪੇਪਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ ਅਤੇ ਫਿਰ ਦੂਜੀ ਵੋਟਿੰਗ ਦੇ ਬੈਲੇਟ ਪੇਪਰਾਂ ਦੇ ਨਾਲ ਉਨ੍ਹਾਂ ਨੂੰ ਸਾੜ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਇੱਕ ਉਮੀਦਵਾਰ ਨੂੰ ਲੋੜੀਂਦਾ ਬਹੁਮਤ ਨਹੀਂ ਮਿਲ ਜਾਂਦਾ। ਸਿਸਟੀਨ ਚੈਪਲ ਦੇ ਅੰਦਰ ਕੀ ਹੋ ਰਿਹਾ ਹੈ, ਇਸ ਬਾਰੇ ਇੱਕੋ ਇੱਕ ਸੁਰਾਗ ਦਿਨ ਵਿੱਚ ਦੋ ਬਾਰ ਬੈਲਟ ਪੇਪਰ ਸਾੜਨ ਕਾਰਨ ਨਿਕਲਣ ਵਾਲਾ ਧੂੰਆਂ ਹੈ। ਕਾਲਾ ਧੂੰਆਂ ਅਸਫਲਤਾ ਦਾ ਸੰਕੇਤ ਦਿੰਦਾ ਹੈ। ਰਵਾਇਤੀ ਚਿੱਟੇ ਧੂੰਏ ਦਾ ਮਤਲਬ ਹੈ ਕਿ ਨਵਾਂ ਪੋਪ ਚੁਣ ਲਿਆ ਗਿਆ ਹੈ।
ਨਵੇਂ ਪੋਪ ਦਾ ਐਲਾਨ
ਸਿਸਟੀਨ ਚੈਪਲ ਦੀ ਚਿਮਨੀ ਤੋਂ ਉੱਠਦੇ ਚਿੱਟੇ ਧੂੰਏਂ ਤੋਂ ਨਵੇਂ ਪੋਪ ਦੀ ਚੋਣ ਦਾ ਸੰਕੇਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਛਾਣ ਦੁਨੀਆਂ ਦੇ ਸਾਹਮਣੇ ਆਉਣ ਵਿੱਚ ਥੋੜ੍ਹੀ ਦੇਰ ਲੱਗਦੀ ਹੈ। ਜਦੋਂ ਇੱਕ ਉਮੀਦਵਾਰ ਨੂੰ ਲੋੜੀਂਦਾ ਬਹੁਮਤ ਪ੍ਰਾਪਤ ਹੋ ਜਾਂਦਾ ਹੈ, ਤਾਂ ਉਸ ਨੂੰ ਪੁੱਛਿਆ ਜਾਂਦਾ ਹੈ: "ਕੀ ਤੁਸੀਂ ਸੁਪਰੀਮ ਪੋਪ ਵਜੋਂ ਆਪਣੀ ਚੋਣ ਨੂੰ ਸਵੀਕਾਰ ਕਰਦੇ ਹੋ?" ਉਸ ਦੇ ਸਹਿਮਤੀ ਦੇਣ ਤੋਂ ਬਾਅਦ, ਨਵੇਂ ਪੋਪ ਨੂੰ ਪੁੱਛਿਆ ਜਾਂਦਾ ਹੈ: "ਤੁਸੀਂ ਕਿਸ ਨਾਮ ਨਾਲ ਬੁਲਾਇਆ ਜਾਣਾ ਚਾਹੁੰਦੇ ਹੋ?" ਨਵਾਂ ਨਾਮ ਚੁਣਨ ਤੋਂ ਬਾਅਦ ਦੂਜੇ ਕਾਰਡੀਨਲ ਨਵੇਂ ਪੋਪ ਕੋਲ ਜਾ ਕੇ ਉਨ੍ਹਾਂ ਨੂੰ ਸਤਿਕਾਰ ਭੇਂਟ ਕਰਦੇ ਹਨ।
ਨਵੇਂ ਪੋਪ ਨੂੰ ਵੀ ਆਪਣੇ ਨਵੇਂ ਚੋਲੇ ਪਹਿਨਣੇ ਹੁੰਦੇ ਹਨ। ਫਿਰ ਸੇਂਟ ਪੀਟਰਜ਼ ਬੇਸਿਲਿਕਾ ਦੀ ਬਾਲਕੋਨੀ ਤੋਂ ਪੂਰੇ ਚੌਕ ਵਿੱਚ ਰਵਾਇਤੀ ਐਲਾਨ ਗੂੰਜਦਾ ਹੈ, "ਅਨੂਨਿਟੀਓ ਵੋਬਿਸ ਗੌਡੀਅਮ ਮੈਗਨਮ… ਹੈਬੇਮਸ ਪਾਪਮ!" ਯਾਨੀ "ਮੈਂ ਤੁਹਾਡੇ ਲਈ ਇੱਕ ਵੱਡੀ ਖੁਸ਼ੀ ਦਾ ਐਲਾਨ ਕਰਦਾ ਹਾਂ… ਸਾਡੇ ਕੋਲ ਪੋਪ ਹੈ! "ਇਸ ਦੇ ਬਾਅਦ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਨਵੇਂ ਚੁਣੇ ਗਏ ਪੋਪ ਪਹਿਲੀ ਬਾਰ ਜਨਤਕ ʼਤੇ ਮੌਜੂਦ ਹੁੰਦੇ ਹਨ। ਕੁਝ ਸ਼ਬਦ ਕਹਿਣ ਤੋਂ ਬਾਅਦ ਪੋਪ 'ਉਰਬੀ ਏਟ ਓਰਬੀ' ਯਾਨੀ 'ਸ਼ਹਿਰ ਅਤੇ ਦੁਨੀਆਂ ਨੂੰ' ਦਾ ਰਵਾਇਤੀ ਆਸ਼ੀਰਵਾਦ ਦਿੰਦੇ ਹਨ ਅਤੇ ਇਸ ਪ੍ਰਕਾਰ ਨਵੇਂ ਪੋਪ ਦਾ ਕਾਰਜਕਾਲ ਸ਼ੁਰੂ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।