UK ''ਚ ਸੱਭਿਆਚਾਰਕ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਕੰਵਲਪ੍ਰੀਤ ਸਿੰਘ ਕੌੜਾ ਸਨਮਾਨਿਤ

Monday, Jun 20, 2022 - 11:27 PM (IST)

ਲੰਡਨ (ਸਮਰਾ) : ਗੋਲਡਨ ਵਿਰਸਾ ਯੂ.ਕੇ. ਦੁਆਰਾ ਮੌਨਸੂਨ ਬੈਂਕਿਊਟ ਸਾਊਥਾਲ ਵਿਖੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਪਰਮਜੀਤ ਸਿੰਘ ਰੰਧਾਵਾ ਪ੍ਰਧਾਨ ਸਾਊਥਾਲ ਕਬੱਡੀ ਕਲੱਬ, ਰਾਜਵੀਰ ਸਮਰਾ ਐੱਮ.ਡੀ. ਗੋਲਡਨ ਵਿਰਸਾ ਯੂ.ਕੇ., ਮਨਜੀਤ ਸਿੰਘ, ਸ਼ਰਨਬੀਰ ਸਿੰਘ ਸੰਘਾ, ਰਵਿੰਦਰ ਸਿੰਘ ਧਾਲੀਵਾਲ, ਸੱਯਦ ਜ਼ਾਹਿਦ, ਰਣਜੀਤ ਸਿੰਘ ਗਿੱਲ ਆਦਿ ਨੇ ਸਾਂਝੇ ਤੌਰ 'ਤੇ ਕੀਤੀ। ਸਮਾਗਮ ਦੌਰਾਨ ਪੰਜਾਬ ਤੋਂ ਆਏ ਉੱਘੇ ਸਾਹਿਤਕਾਰ ਕੰਵਲਪ੍ਰੀਤ ਸਿੰਘ ਕੌੜਾ ਦਾ ਪੰਜਾਬ 'ਚ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।

ਖ਼ਬਰ ਇਹ ਵੀ : ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ, ਉਥੇ ਛੁੱਟੀਆਂ ਦੌਰਾਨ ਕੱਲ੍ਹ ਖੁੱਲ੍ਹਣਗੇ ਸਕੂਲ, ਪੜ੍ਹੋ TOP 10

ਸਨਮਾਨਿਤ ਕਰਨ ਉਪਰੰਤ ਕਬੱਡੀ ਕਲੱਬ ਸਾਊਥਾਲ ਦੇ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪ੍ਰਫੁੱਲਿਤ ਕਰਨ ਵਾਲੇ ਦਾ ਸਨਮਾਨ ਕਰਨ ਦਾ ਜਿੱਥੇ ਸਾਡਾ ਮੁੱਢਲਾ ਫਰਜ਼ ਬਣਦਾ ਹੈ, ਉਥੇ ਹੀ ਉਹ ਵਿਅਕਤੀ ਸਾਡੇ ਸਾਰਿਆਂ ਲਈ ਸਤਿਕਾਰਯੋਗ ਤੇ ਸਨਮਾਨਯੋਗ ਵੀ ਹੈ, ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੋੜ ਕੇ ਆਪਣੇ ਵਿਰਸੇ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਇਸ ਸਨਮਾਨ ਸਬੰਧੀ ਕਿਹਾ ਕਿ ਕੰਵਲਪ੍ਰੀਤ ਸਿੰਘ ਕੌੜਾ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ-ਆਪ ਨੂੰ ਖ਼ੁਦ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਾਂ। ਸਮਾਗਮ ਦੌਰਾਨ ਰਵਿੰਦਰ ਸਿੰਘ ਧਾਲੀਵਾਲ ਤੇ ਮਨਜੀਤ ਸਿੰਘ ਨੇ ਜਿੱਥੇ ਸਾਹਿਤਕਾਰ ਕੌੜਾ ਦਾ ਯੂ.ਕੇ. ਆਉਣ 'ਤੇ ਨਿੱਘਾ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਗੋਲਡਨ ਵਿਰਸਾ ਯੂ.ਕੇ. ਵੱਲੋਂ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ, ਉਥੇ ਹੀ ਆਉਣ ਵਾਲੇ ਸਮੇਂ ਵਿੱਚ ਵੀ ਯੂ.ਕੇ. ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਤੇ ਆਪਣੇ ਪੰਜਾਬੀ ਵਿਰਸੇ ਨਾਲ ਜੋੜੇ ਰੱਖਣ ਲਈ ਅਹਿਮ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਕਲਰਕ 25000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

ਇਸ ਦੌਰਾਨ ਸਾਹਿਤਕਾਰ ਕੰਵਲਪ੍ਰੀਤ ਸਿੰਘ ਕੌੜਾ ਨੇ ਗੋਲਡਨ ਵਿਰਸਾ ਯੂ.ਕੇ. ਦੁਆਰਾ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਗੋਲਡਨ ਵਿਰਸਾ ਯੂ.ਕੇ. ਵੱਲੋਂ ਕੀਤੇ ਸਨਮਾਨ ਲਈ ਸਮੁੱਚੇ ਪ੍ਰਬੰਧਕਾਂ ਤੇ ਟੀਮ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਜਿਥੇ ਗੋਲਡਨ ਵਿਰਸਾ ਯੂ.ਕੇ. ਦੀ ਭੰਗੜਾ ਟੀਮ ਨੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਰਾਹੀਂ ਵਾਹ-ਵਾਹ ਖੱਟੀ, ਉਥੇ ਹੀ ਇਸ ਦੌਰਾਨ ਪ੍ਰਸਿੱਧ ਗਾਇਕ ਤੇ ਕਲਾਕਾਰ ਹਰਮਨ ਚੀਮਾ ਨੇ ਵੀ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਵੱਡੀ ਗਿਣਤੀ 'ਚ ਕਬੱਡੀ ਖਿਡਾਰੀ, ਕਬੱਡੀ ਪ੍ਰਮੋਟਰ, ਸੱਭਿਆਚਾਰਕ ਪ੍ਰਮੋਟਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਹ ਵੀ ਪੜ੍ਹੋ : ਅਸਲੇ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਪਿਸਟਲ ਤੇ ਇਕ ਚਾਕੂ ਬਰਾਮਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News