ਬਾਈਡੇਨ ਨੇ 15 ਕਾਰਜਕਾਰੀ ਆਦੇਸ਼ਾਂ ''ਤੇ ਕੀਤੇ ਦਸਤਖ਼ਤ, WHO ''ਚ ਸ਼ਾਮਲ ਹੋਇਆ ਅਮਰੀਕਾ

1/21/2021 3:01:39 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਦੇ ਹੀ 15 ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕੀਤੇ, ਜਿਹਨਾਂ ਵਿਚੋਂ ਕੁਝ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਅਹਿਮ ਵਿਦੇਸ਼ ਨੀਤੀਆਂ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਕੁਝ ਫ਼ੈਸਲਿਆਂ ਨੂੰ ਪਲਟਣ ਵਾਲੇ ਹਨ। ਇਹਨਾਂ ਕਾਰਜਕਾਰੀ ਆਦੇਸ਼ਾਂ ਵਿਚ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਵਿਚ ਮੁੜ ਸ਼ਾਮਲ ਹੋਣਾ, ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਤੋਂ ਅਮਰੀਕਾ ਨੂੰ ਵੱਖ ਹੋਣ ਤੋਂ ਰੋਕਣਾ, ਮੁਸਲਿਮ ਦੇਸ਼ਾਂ ਤੋਂ ਲੋਕਾਂ ਦੀ ਯਾਤਰਾ ਪਾਬੰਦੀ ਨੂੰ ਹਟਾਉਣਾ ਅਤੇ ਮੈਕਸੀਕੋ ਸਰਰੱਦ 'ਤੇ ਕੰਧ ਨਿਰਮਾਣ ਨੂੰ ਤੁਰੰਤ ਰੋਕਣਾ ਆਦਿ ਸ਼ਾਮਲ ਹੈ। 

ਬਾਈਡੇਨ ਨੇ ਬੁੱਧਵਾਰ ਨੂੰ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਦੇ ਬਾਅਦ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿਚ ਪੱਤਰਕਾਰਾਂ ਨੂੰ ਕਿਹਾ,''ਮੈਂ ਅੱਜ ਦੇ ਕਾਰਜਕਾਰੀ ਕਦਮਾਂ ਨਾਲ ਮਾਣ ਮਹਿਸੂਸ ਕਰਦਾ ਹਾਂ ਅਤੇ ਮੈਂ ਅਮਰੀਕਾ ਦੀ ਜਨਤਾ ਨਾਲ ਜਿਹੜਾ ਵਾਅਦਾ ਕੀਤਾ ਸੀ, ਉਹਨਾਂ ਨੂੰ ਪੂਰਾ ਕਰਨ ਜਾ ਰਿਹਾ ਹਾਂ, ਹਾਲੇ ਲੰਬੀ ਯਾਤਰਾ ਕਰਨੀ ਬਾਕੀ ਹੈ। ਇਹ ਸਿਰਫ ਕਾਰਜਕਾਰੀ ਆਦੇਸ਼ ਹਨ। ਇਹ ਜ਼ਰੂਰੀ ਹਨ ਪਰ ਜੋ ਅਸੀਂ ਕਰਨ ਵਾਲੇ ਹਾਂ ਉਸ ਲਈ ਸਾਨੂੰ ਬਿੱਲਾਂ ਦੀ ਲੋੜ ਪਵੇਗੀ।'' ਰਾਸ਼ਟਰਪਤੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਹੋਰ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕਰਨ ਵਾਲੇ ਹਨ। ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਬੁੱਧਵਾਰ ਨੂੰ ਆਪਣੀ ਪਹਿਲੀ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਬਾਈਡੇਨ ਨੇ 15 ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕੀਤੇ ਹਨ। 

ਬਾਈਡੇਨ ਨੇ ਲਏ ਇਹ ਅਹਿਮ ਫ਼ੈਸਲੇ
- ਬਾਈਡੇਨ ਦਾ ਪਹਿਲਾ ਕਾਰਜਕਾਰੀ ਆਦੇਸ਼ 100 ਦਿਨ ਮਾਸਕ ਪਾਉਣ ਵਾਲਾ ਸੀ, ਜਿਸ ਵਿਚ ਦੇਸ਼ ਦੀ ਜਨਤਾ ਨੂੰ 100 ਦਿਨ ਤੱਕ ਮਾਸਕ ਲਗਾਉਣ ਦੀ ਅਪੀਲ ਕੀਤੀ ਗਈ ਹੈ।

- ਬਾਈਡੇਨ ਨੇ ਅਹੁਦਾ ਸੰਭਾਲਦੇ ਹੀ ਦੇਸ਼ ਨੂੰ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਵਿਚ ਮੁੜ ਸ਼ਾਮਲ ਕਰਾਉਣ ਦੇ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਅਮਰੀਕਾ ਦੇ ਦੁਬਾਰਾ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ।

- ਬਾਈਡੇਨ ਨੇ ਪੈਰਿਸ ਜਲਵਾਯੂ ਸਮਝੌਤੇ ਵਿਚ ਅਮਰੀਕਾ ਨੂੰ ਮੁੜ ਸ਼ਾਮਲ ਕਰ ਦਿੱਤਾ।ਪ੍ਰੈੱਸ ਸਕੱਤਰ ਸਾਕੀ ਮੁਤਾਬਕ, ਇਸ ਤਰ੍ਹਾਂ ਉਹ ਇਕ ਅਭਿਲਾਸ਼ੀ ਸਮਝੌਤੇ ਦੇ ਟੀਚਿਆਂ ਨੂੰ ਅੱਗੇ ਵਧਾਉਣ ਦੇ ਗਲੋਬਲ ਅਗਵਾਈ ਵਿਚ ਅਮਰੀਕਾ ਨੂੰ ਵਾਪਸ ਲਿਆਏ ਹਨ।

- ਸਾਕੀ ਮੁਤਾਬਕ, ਬਾਈਡੇਨ ਨੇ ਨਸਲਵਾਦੀ ਸਮਾਨਤਾ ਨੂੰ ਵਧਾਵਾ ਦੇਣ ਅਤੇ ਸੰਘੀ ਪ੍ਰੋਗਰਾਮਾਂ ਤੇ ਸੰਸਥਾਵਾਂ ਵਿਚ ਸੰਸਥਾਤਮਕ ਨਸਲਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ।

- ਬਾਈਡੇਨ ਨੇ ਅਟਾਰਨੀ ਜਨਰਲ ਨਾਲ ਵਿਚਾਰ ਵਟਾਂਦਰੇ ਮਗਰੋਂ ਅੰਦਰੂਨੀ ਸੁਰੱਖਿਆ ਮੰਤਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਡੀ.ਸੀ.ਏ. (ਡੇਫਰਡ ਐਕਸ਼ਨ ਫੋਰ ਚਾਈਲਡਹੁੱਡ ਐਰਾਈਵਲਜ਼) ਨੂੰ ਬਚਾਉਣ ਲਈ ਵਾਜਿਬ ਕਾਰਵਾਈ ਕਰਨ।ਇਹ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਅਸਥਾਈ ਰਾਹਤ ਪ੍ਰਦਾਨ ਕਰਦਾ ਹੈ ਜੋ ਉਦੋਂ ਇੱਥੇ ਆਏ ਸਨ ਜਦੋਂ ਉਹ ਬੱਚੇ ਸਨ।

- ਪ੍ਰੈੱਸ ਸਕੱਤਰ ਮੁਤਾਬਕ, ਰਾਸ਼ਟਰਪਤੀ ਨੇ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਵੀ ਖਤਮ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਐੱਮ.ਪੀ. ਢੇਸੀ ਨੇ ਬ੍ਰਿਟਿਸ਼ ਸੰਸਦ 'ਚ ਚੁੱਕਿਆ ਕਿਸਾਨੀ ਅਤੇ NIA ਦੇ ਨੋਟਿਸਾਂ ਦਾ ਮੁੱਦਾ

- ਬਾਈਡੇਨ ਨੇ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ 'ਤੇ ਬਣਨ ਵਾਲੀ ਕੰਧ ਉਸਾਰੀ 'ਤੇ ਵੀ ਰੋਕ ਲਗਾ ਦਿੱਤੀ ਹੈ।

- ਬਾਈਡੇਨ ਨੇ ਟੈਕਸਾਸ ਵਿਚ ਤਟੀ ਰਿਫਾਇਨਰੀਆਂ ਵਿਚ ਐਲਬਰਟਾ ਤੇਲ ਰੇਤ ਨੂੰ ਜੋੜਨ ਵਾਲੇ ਕ੍ਰੀਸਟੋਨ ਐਕਸਐੱਲ ਪਾਇਪਲਾਈਨ ਨੂੰ ਵੀ ਖਤਮ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈਕਿ ਇਹ ਇਕ ਅਜਿਹਾ ਕਦਮ ਹੈ ਜਿਸ ਨਾਲ ਅਮਰੀਕਾ ਅਤੇ ਕੈਨੇਡਾ ਵਿਚ ਤਣਾਅ ਪੈਦਾ ਹੋ ਸਕਦਾ ਹੈ।

- ਸਮਾਚਾਰ ਏਜੰਸੀ ਬਲੂਮਬਰਗ ਮੁਤਾਬਕ, ਬਾਈਡੇਨ ਪ੍ਰਸ਼ਾਸਨ ਨੇ ਸਾਰੀਆਂ ਏਜੰਸੀਆਂ ਨੂੰ ਹਾਲ ਹੀ ਵਿਚ ਲਏ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਅਪਨਾਉਣ ਲਈ ਸਾਰੇ ਕਾਨੂੰਨੀ ਕਦਮ ਚੁੱਕਣ ਦਾ ਆਦੇਸ਼ ਦਿੱਤਾ ਹੈ, ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਐੱਲ.ਜੀ.ਬੀ.ਟੀ. ਕਿਊ. ਲੋਕਾਂ ਨਾਲ ਕਾਰਜ ਸਥਲ 'ਤੇ ਵਿਤਕਰਾ ਨਾ ਹੋਵੇ।

- ਸਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ ਬਾਈਡੇਨ ਅਗਲੇ ਮਹੀਨੇ ਕਾਂਗਰਸ ਸਾਹਮਣੇ ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਆਰਥਿਕ ਮਦਦ ਦੇਣ ਲਈ 'ਬਿਲਡ ਬੈਂਕ ਬੈਟਰ ਰਿਕਵਰੀ ਪਲਾਨ ਪੈਕਜ ਦੀ ਮੰਗ ਕਰਨਗੇ। ਇਹ ਪੈਕੇਜ 1.9 ਟ੍ਰਿਲੀਅਨ ਡਾਲਰ ਦਾ ਹੋਵੇਗਾ, ਜੋ ਖਾਸ ਕਰ ਕੇ ਕੋਵਿਡ-19 ਮਹਾਮਾਰੀ ਕਾਰਨ ਹੋਈ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਹੋਵੇਗਾ। ਇਹ ਇਕ ਪ੍ਰੋਤਸਾਹਨ ਪੈਕੇਜ ਹੋਵੇਗਾ।

- ਬਾਈਡੇਨ ਨੇ ਸਟੂਡੈਂਟ ਲੋਨ ਦੀ ਕਿਸਤ ਵਾਪਸੀ ਨੂੰ ਸਤੰਬਰ ਤੱਕ ਟਾਲ ਦਿੱਤਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana