ਜਸਵੰਤ ਸਿੰਘ ਰਾਠੌਰ ਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ
Tuesday, Dec 13, 2022 - 04:23 AM (IST)

ਮੈਲਬੋਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਮੈਲਬੋਰਨ ਵਿਚ ਦੇ ਗਲੈੱਨਰਾਏ ਕਾਲਜ ਹਾਲ ਵਿਚ ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਆਸਟ੍ਰੇਲੀਆ ਦੇ ਜੰਮ ਪਲ ਬੱਚਿਆਂ ਵੱਲੋਂ ਅਮਰਦੀਪ ਕੌਰ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਪੰਜਾਬੀ ਨਾਟਕ 'ਇਹ ਨਾਟਕ ਨਹੀਂ' ਅਤੇ 'ਸਿਸਟਮ ਹੀ ਖਰਾਬ ਹੈ' ਦੀ ਸਫਲ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਬੱਚੇ ਬੱਚੀਆਂ ਦੁਆਰਾ ਪੇਸ਼ ਕੀਤਾ ਗਿਆ ਮਲਵਈ ਗਿੱਧਾ, ਭੰਗੜਾ,ਗਿੱਧਾ , ਰਵਾਇਤੀ ਸਾਜ਼ਾਂ ਦੀ ਪੇਸ਼ਕਾਰੀ, ਗੀਤ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚਿਆਂ ਦੀ ਸਟੀਕ ਪੇਸ਼ਕਾਰੀ 'ਚੋਂ ਸਮੁੱਚੀ ਟੀਮ ਦੁਆਰਾ ਕਰਵਾਈ ਮਿਹਨਤ ਝਲਕਦੀ ਸੀ। ਮੈਲਬੌਰਨ ਵਸਦੇ ਗਾਇਕ ਬਾਗੀ ਭੰਗੂ ਨੇ ਵੀ 'ਬਿਗਾਨੀ ਆਸ' ਗ਼ਜ਼ਲ ਗਾ ਕੇ ਵਾਹ ਵਾਹ ਖੱਟੀ।
ਇਹ ਖ਼ਬਰ ਵੀ ਪੜ੍ਹੋ - ਧੀਆਂ ਦੇ ਵਿਆਹ ਦਾ ਕਰਜ਼ਾ ਮੋੜਨ ਲਈ ਪਿਓ ਬਣ ਗਿਆ ਨਸ਼ਾ ਸਮੱਗਲਰ
ਇਸ ਮੌਕੇ ਹਾਜ਼ਰ ਦਰਸ਼ਕਾਂ ਤੋਂ ਪੰਜਾਬੀ ਇਤਿਹਾਸ ਅਤੇ ਪੇਂਡੂ ਸੱਭਿਆਚਾਰ ਸਬੰਧੀ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਦਰਸ਼ਕਾਂ ਨੂੰ ਇਨਾਮ ਦਿੱਤੇ ਗਏ। ਪ੍ਰਸਿੱਧ ਚਿੱਤਰਕਾਰ ਰਾਜ਼ੀ ਮੁਸੱਵਰ ਦੀਆਂ ਕਿਰਤਾਂ ਦੀ ਪ੍ਰਦਰਸ਼ਨੀ ਵੀ ਸ਼ਲਾਘਾਯੋਗ ਰਹੀ। ਬਾਲੀਵੁੱਡ ਵਿਚ ਆਪਣੀ ਧਾਂਕ ਜਮਾ ਰਹੇ ਪ੍ਰਸਿੱਧ ਹਾਸਰਸ ਕਲਾਕਾਰ ਜਸਵੰਤ ਸਿੰਘ ਰਾਠੌਰ ਦੀ ਕਾਮੇਡੀ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਪ੍ਰਤੀਯੋਗੀਆਂ ਅਤੇ ਮੀਡੀਆਂ ਕਰਮੀਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਅਮਰਦੀਪ ਕੌਰ ਅਤੇ ਹਰਮੰਦਰ ਕੰਗ ਵੱਲੋਂ ਬਾਖੂਬੀ ਨਿਭਾਈ ਗਈ।ਫਿਰ ਮਿਲਣ ਦੇ ਵਾਅਦੇ ਨਾਲ ਇਹ ਮੇਲਾ ਸਫਲਤਾਪੂਰਵਕ ਸੰਪੰਨ ਹੋਇਆ।