ਜਾਪਾਨ ਨੇ ਵੀਜ਼ਾ ਫੀਸ ''ਚ ਕਰ''ਤਾ 30 ਗੁਣਾ ਵਾਧਾ! ਹੁਣ PR ਲੈਣੀ ਵੀ ਹੋਵੇਗੀ ਮੁਸ਼ਕਲ

Monday, Jun 01, 2026 - 12:54 PM (IST)

ਜਾਪਾਨ ਨੇ ਵੀਜ਼ਾ ਫੀਸ ''ਚ ਕਰ''ਤਾ 30 ਗੁਣਾ ਵਾਧਾ! ਹੁਣ PR ਲੈਣੀ ਵੀ ਹੋਵੇਗੀ ਮੁਸ਼ਕਲ

ਇੰਟਰਨੈਸ਼ਨਲ ਡੈਸਕ: ਜਾਪਾਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਅਤੇ ਉੱਥੇ ਪਹਿਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਜਾਪਾਨ ਦੀ ਸੰਸਦ ਨੇ ਇੱਕ ਨਵਾਂ ਇਮੀਗ੍ਰੇਸ਼ਨ ਕਾਨੂੰਨ ਪਾਸ ਕੀਤਾ ਹੈ, ਜਿਸ ਤਹਿਤ ਵੀਜ਼ਾ ਫੀਸਾਂ ਵਿੱਚ 30 ਗੁਣਾ ਤੱਕ ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਨਵੇਂ ਫੈਸਲੇ ਨਾਲ ਖ਼ਾਸ ਕਰਕੇ ਉਨ੍ਹਾਂ ਲੋਕਾਂ 'ਤੇ ਵੱਡਾ ਆਰਥਿਕ ਬੋਝ ਪਵੇਗਾ ਜੋ ਜਾਪਾਨ ਦੀ ਪੱਕੀ ਰਿਹਾਇਸ਼ (PR) ਹਾਸਲ ਕਰਨਾ ਚਾਹੁੰਦੇ ਹਨ।

ਨਵੇਂ ਕਾਨੂੰਨ ਅਨੁਸਾਰ ਪੱਕੀ ਰਿਹਾਇਸ਼ (Permanent Residency) ਲਈ ਅਰਜ਼ੀ ਦੇਣ ਦੀ ਫੀਸ ਹੁਣ 10,000 ਯੇਨ (ਲਗਭਗ 6,000 ਰੁਪਏ) ਤੋਂ ਵਧ ਕੇ 3,00,000 ਯੇਨ (ਲਗਭਗ 1.78 ਲੱਖ ਰੁਪਏ) ਤੱਕ ਪਹੁੰਚ ਸਕਦੀ ਹੈ। ਇਸੇ ਤਰ੍ਹਾਂ, ਵੀਜ਼ਾ ਰੀਨਿਊ ਕਰਵਾਉਣ ਦੀ ਫੀਸ, ਜੋ ਪਹਿਲਾਂ ਸਿਰਫ਼ 6,000 ਯੇਨ (ਲਗਭਗ 3,600 ਰੁਪਏ) ਸੀ, ਹੁਣ ਵਧ ਕੇ 1,00,000 ਯੇਨ (ਲਗਭਗ 59,500 ਰੁਪਏ) ਤੱਕ ਹੋ ਜਾਵੇਗੀ। ਇਹ ਨਵੀਆਂ ਦਰਾਂ ਇਸ ਵਿੱਤੀ ਸਾਲ ਦੇ ਅਖੀਰ ਤੱਕ ਲਾਗੂ ਹੋਣ ਦੀ ਉਮੀਦ ਹੈ।

ਪੜ੍ਹੋ ਇਹ ਅਹਿਮ ਖ਼ਬਰ- ਹੁਣ 16 ਸਾਲ ਤੋਂ ਘੱਟ ਉਮਰ ਦੇ ਜਵਾਕ ਨਹੀਂ ਬਣਾ ਸਕਣਗੇ 'ਅਕਾਊਂਟ'! ਮਲੇਸ਼ੀਆ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਜਾਪਾਨ ਸਰਕਾਰ ਨੇ ਇਸ ਵਾਧੇ ਪਿੱਛੇ ਵਧ ਰਹੇ ਪ੍ਰਸ਼ਾਸਨਿਕ ਖਰਚਿਆਂ ਦਾ ਹਵਾਲਾ ਦਿੱਤਾ ਹੈ। ਹਾਲਾਂਕਿ, ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਮਾਨਵਤਾਵਾਦੀ ਆਧਾਰ 'ਤੇ ਜਾਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਫੀਸਾਂ ਵਿੱਚ ਰਾਹਤ ਦਿੱਤੀ ਜਾਵੇਗੀ, ਪਰ ਫਿਲਹਾਲ ਇਸ ਰਾਹਤ ਲਈ ਕੋਈ ਸਪੱਸ਼ਟ ਨਿਯਮ ਤੈਅ ਨਹੀਂ ਕੀਤੇ ਗਏ ਹਨ। ਜਾਪਾਨ ਵੱਲੋਂ ਇਹ ਸਖ਼ਤ ਕਦਮ ਅਜਿਹੇ ਸਮੇਂ ਚੁੱਕੇ ਜਾ ਰਹੇ ਹਨ, ਜਦੋਂ ਦੇਸ਼ ਵਿੱਚ ਵਿਦੇਸ਼ੀ ਵਸਨੀਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੰਕੜਿਆਂ ਅਨੁਸਾਰ ਸਾਲ 2025 ਦੇ ਅੰਤ ਤੱਕ ਜਪਾਨ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 41.3 ਲੱਖ (4.13 ਮਿਲੀਅਨ) ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ।

ਫੀਸਾਂ ਵਿੱਚ ਵਾਧੇ ਦੇ ਨਾਲ-ਨਾਲ, ਜਾਪਾਨ ਆਪਣੇ ਸਰਹੱਦੀ ਨਿਯਮਾਂ ਨੂੰ ਵੀ ਸਖ਼ਤ ਕਰ ਰਿਹਾ ਹੈ। ਵਿੱਤੀ ਸਾਲ 2028 ਤੋਂ 'ਜਾਪਾਨ ਇਲੈਕਟ੍ਰਾਨਿਕ ਸਿਸਟਮ ਫਾਰ ਟ੍ਰੈਵਲ ਆਥੋਰਾਈਜ਼ੇਸ਼ਨ' (JESTA) ਲਾਗੂ ਕੀਤਾ ਜਾਵੇਗਾ। ਇਹ ਸਿਸਟਮ ਉਨ੍ਹਾਂ 74 ਦੇਸ਼ਾਂ ਦੇ ਨਾਗਰਿਕਾਂ 'ਤੇ ਨਜ਼ਰ ਰੱਖੇਗਾ ਜੋ ਬਿਨਾਂ ਵੀਜ਼ਾ ਜਾਪਾਨ ਆਉਂਦੇ ਹਨ। ਯਾਤਰੀਆਂ ਨੂੰ ਜਾਪਾਨ ਆਉਣ ਤੋਂ ਕਈ ਦਿਨ ਪਹਿਲਾਂ ਆਪਣਾ ਨਾਮ, ਯਾਤਰਾ ਦਾ ਮਕਸਦ ਅਤੇ ਹੋਰ ਜਾਣਕਾਰੀ ਆਨਲਾਈਨ ਜਮ੍ਹਾਂ ਕਰਵਾਉਣੀ ਪਵੇਗੀ, ਜਿਸ ਦੀ ਜਾਂਚ ਅਪਰਾਧਿਕ ਰਿਕਾਰਡਾਂ ਨਾਲ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News