ਇਟਲੀ : ਸੜਕ ਹਾਦਸੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ

08/25/2018 2:45:16 PM

ਰੋਮ, (ਕੈਂਥ)— ਇਟਲੀ 'ਚ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਬੀਤੇ ਦਿਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦਵਿੰਦਰ (35) ਪੁੱਤਰ ਨਿਰੰਜਣ ਸਿੰਘ ਵਾਸੀ ਪੂਨੀਆਂ (ਸ਼ਹੀਦ ਭਗਤ ਸਿੰਘ ਨਗਰ) ਆਪਣੇ ਸਾਥੀ ਰਵੀ ਪਾਲ ਨਾਲ ਬੀਤੇ ਦਿਨ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਸਾਈਕਲ 'ਤੇ ਕੰਮ ਲਈ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। 

PunjabKesariਮ੍ਰਿਤਕ ਦਵਿੰਦਰ ਦੇ ਸਾਥੀ ਰਵੀ ਪਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੋਵੇਂ ਆਪਣੇ-ਆਪਣੇ ਸਾਈਕਲ 'ਤੇ ਜਾ ਰਹੇ ਸੀ ਕਿ ਇਕ ਤੇਜ਼ ਰਫ਼ਤਾਰ ਗੱਡੀ ਨੇ ਦਵਿੰਦਰ ਨੂੰ ਟੱਕਰ ਮਾਰੀ। ਰਵੀ ਨੇ ਦੱਸਿਆ ਕਿ ਉਸ ਨੇ ਜਿਵੇਂ ਹੀ ਦੇਖਿਆ ਕਿ ਤੇਜ਼ ਰਫਤਾਰ 'ਚ ਗੱਡੀ ਆ ਰਹੀ ਹੈ, ਉਸ ਨੇ ਸਾਈਕਲ ਹੌਲੀ ਕਰ ਲਿਆ ਪਰ ਦਵਿੰਦਰ ਉਸ ਤੋਂ 10-15 ਮੀਟਰ ਅੱਗੇ ਸੀ। ਇਸ ਤੋਂ ਪਹਿਲਾਂ ਕਿ ਉਹ ਦਵਿੰਦਰ ਨੂੰ ਬਚਾਉਣ ਲਈ ਆਵਾਜ਼ ਦਿੰਦਾ ਉਦੋਂ ਤੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਦਵਿੰਦਰ ਹਵਾ ਵਿੱਚ 7-8 ਫੁੱਟ ਤਕ ਉੱਛਲ ਕੇ ਜ਼ਮੀਨ ਉੱਪਰ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਰਵੀ ਪਾਲ ਮੁਤਾਬਕ ਗੱਡੀ ਨੂੰ ਇੱਕ ਇਟਾਲੀਅਨ ਮੁੰਡਾ ਚਲਾ ਰਿਹਾ ਸੀ, ਜਿਸ ਨੇ ਕਾਫ਼ੀ ਨਸ਼ਾ ਕੀਤਾ ਹੋਇਆ ਸੀ। ਇਹ ਇਟਾਲੀਅਨ ਨੌਜਵਾਨ ਆਪਣੀ ਦੋਸਤ ਕੁੜੀ ਨਾਲ ਇੱਕ ਮੇਲਾ ਦੇਖ ਕੇ ਆ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਪੁਲਸ ਆ ਗਈ ਤੇ ਉਨ੍ਹਾਂ ਦਵਿੰਦਰ ਦੀ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਵਿੰਦਰ ਆਪਣੇ ਮਗਰ ਇੱਕ 4 ਸਾਲਾ ਪੁੱਤ, ਪਤਨੀ ਅਤੇ ਬੁੱਢੇ ਮਾਪਿਆਂ ਨੂੰ ਰੋਂਦੇ ਛੱਡ ਗਿਆ ਹੈ।​​​​​​​


Related News