ਇਟਲੀ ''ਚ ਮੁੜ ਕੋਰੋਨਾ ਦਾ ਕਹਿਰ, ਸਰਕਾਰ ਵਲੋਂ ਕਾਨੂੰਨ ਕੀਤੇ ਗਏ ਹੋਰ ਸਖ਼ਤ

Tuesday, Oct 27, 2020 - 09:47 PM (IST)

ਰੋਮ, (ਕੈਂਥ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ।ਇਸ ਮਹਾਮਾਰੀ ਕਾਰਨ ਹੁਣ ਤੱਕ ਲੱਖਾਂ ਲੋਕਾਂ ਦੀਆ ਮੌਤਾਂ ਹੋ ਚੁੱਕੀਆਂ ਹਨ। ਇਟਲੀ ਯੂਰਪ ਦਾ ਪਹਿਲਾ ਦੇਸ਼ ਸੀ, ਜਿੱਥੇ ਚੀਨ ਤੋਂ ਬਾਅਦ ਇਸ ਮਹਾਮਾਰੀ ਨੇ ਆਪਣਾ ਜਾਲ ਵਿਛਾਇਆ ਸੀ ਅਤੇ ਹੁਣ ਤੱਕ ਵੀ ਇਸ ਮਹਾਮਾਰੀ ਕਾਰਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਭੁਗਤਾਨਾ ਪੈ ਰਿਹਾ ਹੈ।

ਹੁਣ ਮੁੜ ਤੋਂ ਦੁਬਾਰਾ ਇਟਲੀ ਵਿਚ ਹਰ ਰੋਜ਼ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤੇ ਆਮ ਲੋਕਾਂ ਦੇ ਨਾਲ ਨਾਲ ਸਰਕਾਰ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਨੂੰ ਵੱਧਦਾ ਹੋਇਆ ਦੇਖ ਕੇ ਇਟਲੀ ਸਰਕਾਰ ਦਿਨ-ਬ-ਦਿਨ ਕਾਨੂੰਨ ਸਖ਼ਤ ਕਰ ਰਹੀ ਹੈ। 

ਬੀਤੇ ਦਿਨੀਂ ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੌਂਤੇ ਨੇ ਕੋਰੋਨਾ ਵਾਇਰਸ ਦੇ ਸਬੰਧੀ ਕਾਨੂੰਨ ਸਖ਼ਤ ਕਰਦਿਆਂ ਹੋਇਆ 26 ਅਕਤੂਬਰ ਤੋਂ 24 ਨਵੰਬਰ ਤੱਕ  ਰੈਸਟੋਰੈਂਟ, ਬਾਰਜ਼ ਖਾਣੇ ਦੇ ਹੋਰ ਕਾਰੋਬਾਰਾਂ ਵਿਚ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਖਾਣ-ਪੀਣ ਦੀ ਛੋਟ ਦਿੱਤੀ ਹੈ। ਇਸ ਤੋਂ ਬਾਅਦ ਘਰ ਵਾਸਤੇ ਜਾਂ ਹੋਮ ਡਿਲਿਵਰੀ ਦੀ ਆਗਿਆ ਦਿੱਤੀ ਗਈ ਹੈ,  ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਜਿੰਮ ਸਿਨੇਮਾ, ਡਿਸਕੋ ਕਲੱਬ, ਸਵੀਮਿੰਗ ਪੂਲ, ਥੀਏਟਰ, ਪਾਰਕਾਂ ਆਦਿ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਈ ਵੀ ਤਿਉਹਾਰ ਮਨਾਉਣ 'ਤੇ ਮਨਾਹੀ ਲਗਾ ਦਿੱਤੀ ਗਈ ਹੈ ਅਤੇ ਮਾਸਕ ਪਾਉਣਾ ਅਤੀ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਕਿਸੇ ਕਿਸਮ ਦਾ ਵੱਡਾ ਇੱਕਠ ਕਰਨ ਤੇ ਮਨਾਹੀ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਇਟਲੀ ਵਿਚ 17,012 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 141 ਹੋਰ ਨਵੀਆਂ ਮੌਤਾਂ ਇਸ ਮਹਾਮਾਰੀ ਕਾਰਨ ਹੋਈਆ ਹਨ। ਹੁਣ ਤੱਕ ਇਟਲੀ ਵਿਚ ਕੋਰੋਨਾ ਵਾਇਰਸ ਨਾਲ 37,479 ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ।


Sanjeev

Content Editor

Related News