ਇਟਲੀ : ਹੁਣ ਪਲਾਸਟਿਕ ਦੀਆਂ ਬੋਤਲਾਂ ਬਦਲੇ ਮਿਲਣਗੀਆਂ ਮੈਟਰੋ ਟਿਕਟਾਂ

Monday, Jul 29, 2019 - 04:51 PM (IST)

ਇਟਲੀ : ਹੁਣ ਪਲਾਸਟਿਕ ਦੀਆਂ ਬੋਤਲਾਂ ਬਦਲੇ ਮਿਲਣਗੀਆਂ ਮੈਟਰੋ ਟਿਕਟਾਂ

ਰੋਮ (ਕੈਂਥ)- ਪਲਾਸਟਿਕ ਦੀਆਂ ਜੂਸ ਅਤੇ ਪਾਣੀ ਵਾਲੀਆਂ ਬੋਤਲਾਂ ਜਿਹੜੀਆਂ ਕਿ ਵਰਤੋਂ ਤੋਂ ਬਾਅਦ ਕੂੜੇ ਵਿੱਚ ਪਈਆਂ ਸ਼ੁੱਧ ਵਾਤਾਵਰਣ ਨੂੰ ਦੂਸ਼ਿਤ ਕਰਨ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ। ਇਸ ਤੋਂ ਬਚਣ ਲਈ ਸਾਰੇ ਮੁਲਕਾਂ ਦੀਆਂ ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਨੇਕਾਂ ਕਾਰਵਾਈਆਂ ਚਲਾ ਰਹੀਆਂ ਹਨ। ਇਸੇ ਕਾਰਵਾਈ ਵਿੱਚ ਇਟਲੀ ਦੀ ਰਾਜਧਾਨੀ ਰੋਮ ਵਿਖੇ ਪਹਿਲੀ ਵਾਰ ਮੈਂਟਰੋ ਸਟੇਸ਼ਨਾਂ 'ਤੇ ਪਲਾਸਟਿਕ ਬੋਤਲਾਂ ਦੀ ਰੀਸਾਇਕਲਿੰਗ ਕਰਨ ਲਈ ਵਿਸ਼ੇਸ਼ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਹਨਾਂ 'ਚ ਪਲਾਸਟਿਕ ਦੀਆਂ ਬੋਤਲਾਂ ਪਾਉਣ 'ਤੇ ਟਰੇਨ ਦੀਆਂ ਟਿਕਟਾਂ ਮਿਲਣਗੀਆਂ। ਇਨ੍ਹਾਂ ਮਸ਼ੀਨਾਂ ਨਾਲ ਜਿੱਥੇ ਵਾਤਾਵਰਣ ਨੂੰ ਦੂਸ਼ਿਤ ਹੋਣੋ ਬਚਾਇਆ ਜਾ ਸਕੇਗਾ ਉੱਥੇ ਹੀ ਇਸ ਨਾਲ ਲੋਕਾਂ ਦੇ ਪੈਸੇ ਦੀ ਬਚੱਤ ਵੀ ਹੋਵੇਗੀ।

ਰੋਮ ਪ੍ਰਸ਼ਾਸ਼ਨ ਵੱਲੋਂ ਰਾਜਧਾਨੀ ਦੀਆਂ ਮੈਟਰੋ ਏ,ਮੈਟਰੋ ਬੀ ਅਤੇ ਮੈਂਟਰੋ ਸੀ ਟਰੇਨਾਂ ਦੇ ਸਟੇਸ਼ਨ ਪਿਰਾਮਿਦ, ਸੰਨ ਜਓਵਾਨੀ ਅਤੇ ਚਿਪਰੋ ਆਦਿ ਤੇ ਇਹਨਾਂ ਮਸ਼ੀਨਾਂ ਨੂੰ ਲਗਾਇਆ ਗਿਆ ਹੈ, ਜਿੱਥੋ ਕਿ ਪਲਾਸਟਿਕ ਦੀਆਂ 30 ਬੋਤਲਾਂ ਦੇ ਬਦਲੇ ਇੱਕ ਮੈਟਰੋ ਟਰੇਨ ਦੀ ਟਿਕਟ ਮਿਲੇਗੀ। ਇੱਕ ਪਲਾਸਟਿਕ ਬੋਤਲ ਦੀ ਕੀਮਤ 5 ਸੈਂਟ (5 ਪੈਸੇ) ਰੱਖੀ ਗਈ ਹੈ। ਰੋਮ ਦੇ ਮੇਅਰ ਵਿਰਜੀਨੀਆ ਰਾਜੀ ਨੇ ਇਸ ਸੰਬਧੀ ਕਿਹਾ ਹੈ ਕਿ ਉਹ ਯੂਰਪ ਦੀ ਵੱਡੀ ਰਾਜਧਾਨੀ ਰੋਮ ਵਿਖੇ ਪਹਿਲੀ ਵਾਰ ਇਸ ਪ੍ਰਣਾਲੀ ਨੂੰ ਸ਼ੁਰੂ ਕਰ ਰਹੇ ਹਨ। ਪਿਛਲੇ ਸਾਲ ਤੁਰਕੀ ਦੀ ਰਾਜਧਾਨੀ ਇਸਤਾਨਬੁਲ ਵਿਖੇ ਵੀ ਇਸ ਪ੍ਰਣਾਲੀ ਨੂੰ ਸ਼ੁਰੂ ਕੀਤਾ ਗਿਆ ਹੈ। ਰੋਮ ਵਿਖੇ ਇਸ ਪ੍ਰਣਾਲੀ ਨੂੰ ਚੈੱਕ ਕਰਨ ਲਈ 12 ਮਹੀਨੇ ਦਾ ਸਮਾਂ ਰੱਖਿਆ ਗਿਆ ਹੈ। ਇਸ ਸ਼ਲਾਘਾਯੋਗ ਕਾਰਵਾਈ ਉਪੱਰ ਇਟਲੀ ਦੇ ਵਾਤਾਵਰਣ ਮੰਤਰੀ ਸੇਰਜਿਓ ਕੋਸਤਾ ਨੇ ਕਿਹਾ ਹੈ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਦਾ ਲਾਭ ਲੈਣ ਲਈ ਇੱਕੋ ਜਿਹੀ ਪਲਾਸਟਿਕ ਦੀ ਵਰਤੋਂ ਕਰਨੀ ਹੋਵੇਗੀ।ਇਸ ਪ੍ਰਣਾਲੀ ਨਾਲ ਵਪਾਰ ਵੀ ਕੀਤਾ ਜਾ ਸਕਦਾ ਹੈ।


author

Sunny Mehra

Content Editor

Related News