ਇਟਲੀ: ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਲਗਾਇਆ ਗਿਆ ਗੁਰਮਤਿ ਕੈਂਪ

Thursday, Aug 03, 2023 - 11:31 AM (IST)

ਇਟਲੀ: ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਲਗਾਇਆ ਗਿਆ ਗੁਰਮਤਿ ਕੈਂਪ

ਮਿਲਾਨ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਵੱਖ-ਵੱਖ ਸੰਸਥਾਵਾਂ ਉਪਰਾਲੇ ਕਰ ਰਹੀਆਂ ਹਨ। ਬੀਤੇ ਦਿਨੀਂ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਗੁਰਮੱਖੀ ਸਿਖਾਉਣ ਦੇ ਮੰਤਵ ਨਾਲ ਗੁਰਮਤਿ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ, ਗੁਰਬਾਣੀ ਅਤੇ ਕੀਰਤਨ ਦੀ ਸਿਖਲਾਈ ਦਿੱਤੀ ਗਈ। ਇਸ ਕੈਂਪ ਵਿੱਚ ਸੈਂਕੜੇ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਲਗਾਤਾਰ 2 ਹਫ਼ਤਿਆਂ ਦੀ ਸਿਖਲਾਈ ਤੋਂ ਬਾਅਦ ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਸ ਦੀ ਤਿਆਰੀ ਗੁਰਦੁਆਰਾ ਸਾਹਿਬ ਵਿਖੇ ਭਾਈ ਸੁਖਚੈਨ ਸਿੰਘ ਅਤੇ ਭਾਈ ਗੁਰਤੇਜ ਸਿੰਘ ਵੱਲੋਂ ਬੱਚਿਆਂ ਨੂੰ ਕਰਵਾਈ ਜਾ ਰਹੀ ਸੀ।

ਇਨ੍ਹਾਂ ਮੁਕਾਬਲਿਆਂ ਲਈ ਬੱਚਿਆਂ ਦੇ ਵੱਖ-ਵੱਖ ਗਰੁੱਪ ਬਣਾਏ ਗਏ। ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਦੇ ਮੁੱਖ ਸੇਵਾਦਾਰ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਕਿਹਾ ਕਿ ਇਲਾਕੇ ਵਿੱਚ ਰਹਿੰਦੇ ਬੱਚਿਆਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਣ ਅਤੇ ਗੁਰਮੁਖੀ ਭਾਸ਼ਾ ਸਿਖਾਉਣ ਦੇ ਮੰਤਵ ਨਾਲ ਗੁਰਦੁਆਰਾ ਸਾਹਿਬ ਵਿਖੇ ਇਹ ਉਪਰਾਲਾ ਕੀਤਾ ਗਿਆ ਹੈ। ਬੱਚਿਆਂ ਦੇ ਮਾਪਿਆਂ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਗੁਰਮਤਿ ਮੁਕਾਬਲਿਆਂ ਦੀ ਸਿਖਲਾਈ ਦੇ ਰਹੇ ਅਧਿਆਪਕਾਂ ਦਾ ਵੀ ਵਿਸ਼ੇਸ਼ ਸਨਮਾਨ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੱਗੇ ਵੀ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਦੀਆਂ ਕਲਾਸਾਂ ਜਾਰੀ ਰਹਿਣਗੀਆਂ। ਮਾਪੇ ਅਤੇ ਹੋਰਨਾਂ ਪ੍ਰਬੰਧਕ ਕਮੇਟੀਆਂ ਵੱਧ ਤੋਂ ਵੱਧ ਸਹਿਯੋਗ ਕਰਨ।


author

cherry

Content Editor

Related News