ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ- ਗਾਜ਼ਾ ''ਚ ਜੰਗਬੰਦੀ ਨਹੀਂ

11/06/2023 11:00:30 AM

ਨੈਸ਼ਨਲ ਡੈਸਕ- ਇਜ਼ਰਾਈਲ-ਹਮਾਸ ਯੁੱਧ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਰਬ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਾਜ਼ਾ ਵਿਚ ਫਲਸਤੀਨੀ ਅਥਾਰਟੀ ਦੀ ਭੂਮਿਕਾ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗਾਜ਼ਾ ਪੱਟੀ ਦੇ ਭਵਿੱਖ ਲਈ ਫਲਸਤੀਨੀ ਅਥਾਰਟੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। 

ਐਂਟਨੀ ਨੇ ਮਹਿਮੂਦ ਅੱਬਾਸ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਗਾਜ਼ਾ ਵਿਚ ਅੱਗੇ ਜੋ ਵੀ ਹੋਵੇਗਾ, ਉਸ ਵਿਚ ਫਲਸਤੀਨੀ ਅਥਾਰਟੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਹਾਲਾਂਕਿ ਬਲਿੰਕਨ ਨੇ ਅਰਬ ਦੇਸ਼ਾਂ ਦੇ ਨੇਤਾਵਾਂ ਦੀ ਜੰਗਬੰਦੀ ਦੀ ਮੰਗ ਨੂੰ ਖਾਰਜ ਕਰ ਦਿੱਤਾ। ਓਧਰ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਿੰਕਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਮਰੀਕਾ ਗਾਜ਼ਾ 'ਚ ਸਹਾਇਤਾ ਪ੍ਰਾਪਤ ਕਰਨ ਅਤੇ ਉੱਥੇ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਲਈ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਹਮਾਸ ਲੜਾਕਿਆਂ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਜਿਸ ਵਿਚ 1400 ਲੋਕ ਮਾਰੇ ਗਏ ਅਤੇ 240 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਇਸ ਤੋਂ ਬਾਅਦ ਇਜ਼ਰਾਈਲੀ ਫ਼ੌਜ ਨੇ ਹਮਾਸ ਖਿਲਾਫ਼ ਕਾਰਵਾਈ ਸ਼ੁਰੂ ਕੀਤੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਈਲ ਫ਼ੌਜ ਦੀ ਕਾਰਵਾਈ ਵਿਚ ਲੱਗਭਗ 9500 ਫਲਸਤੀਨੀ ਮਾਰੇ ਗਏ ਹਨ।
 


Tanu

Content Editor

Related News