ਅੱਜ ਹੋਣਗੀਆਂ ਇਜ਼ਰਾਈਲ ''ਚ ਚੋਣਾਂ ! ਨੇਤਨਯਾਹੂ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਵੋਟਰ

Tuesday, Oct 27, 2026 - 09:40 AM (IST)

ਅੱਜ ਹੋਣਗੀਆਂ ਇਜ਼ਰਾਈਲ ''ਚ ਚੋਣਾਂ ! ਨੇਤਨਯਾਹੂ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਵੋਟਰ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ 'ਚ 27 ਅਕਤੂਬਰ, ਯਾਨੀ ਮੰਗਲਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਲੰਬੇ ਸਿਆਸੀ ਦਬਦਬੇ ਦੀ ਅਗਨੀ ਪ੍ਰੀਖਿਆ ਹੋਵੇਗੀ। ਹਮਾਸ ਦੇ 7 ਅਕਤੂਬਰ, 2023 ਦੇ ਹਮਲੇ ਅਤੇ ਉਸ ਤੋਂ ਬਾਅਦ ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਦੇਸ਼ ਦੀ ਪਹਿਲੀ ਆਮ ਚੋਣ ਹੈ।

ਵੋਟਿੰਗ ਦੇ ਨਤੀਜੇ ਨੇਤਨਯਾਹੂ ਦੀ ਸੱਤਾ ਦਾ ਭਵਿੱਖ ਤੈਅ ਕਰ ਸਕਦੇ ਹਨ ਪਰ ਚੋਣਾਂ ਵਿਚ ਜਿੱਤ ਜਾਂ ਹਾਰ ਤੋਂ ਜ਼ਿਆਦਾ ਅਹਿਮ 120 ਮੈਂਬਰੀ ਸੰਸਦ ਵਿਚ ਬਹੁਮਤ ਜੁਟਾਉਣ ਦਾ ਗਣਿਤ ਹੋਵੇਗਾ। ਇਜ਼ਰਾਈਲ ਦੀ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਵਿਚ ਕਿਸੇ ਇਕ ਪਾਰਟੀ ਲਈ ਸਪੱਸ਼ਟ ਬਹੁਮਤ ਹਾਸਲ ਕਰਨਾ ਮੁਸ਼ਕਿਲ ਹੈ। ਸਰਕਾਰ ਬਣਾਉਣ ਲਈ ਸੰਸਦ ਵਿਚ ਘੱਟੋ-ਘੱਟ 61 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ। ਇਕ ਰਿਪੋਰਟ ਮੁਤਾਬਕ ਹਾਲੀਆ ਸਰਵੇਖਣਾਂ ਵਿਚ ਵਿਰੋਧੀ ਗਠਜੋੜ ਨੂੰ 52 ਅਤੇ ਨੇਤਨਯਾਹੂ ਦੇ ਧਾਰਮਿਕ-ਰਾਸ਼ਟਰਵਾਦੀ ਗੱਠਜੋੜ ਨੂੰ ਲਗਭਗ 50 ਸੀਟਾਂ ਮਿਲਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ। ਅਜਿਹੇ ਵਿਚ ਅਰਬ ਲੀਡਰਸ਼ਿਪ ਵਾਲੀਆਂ ਪਾਰਟੀਆਂ ਅਤੇ ਛੋਟੇ ਸਿਆਸੀ ਸਮੂਹਾਂ ਦੀ ਭੂਮਿਕਾ ਮਹੱਤਵਪੂਰਨ ਹੋ ਸਕਦੀ ਹੈ।

ਨੇਤਨਯਾਹੂ ਫਿਰ ਬਣਾ ਸਕਦੇ ਹਨ ਸਰਕਾਰ
ਨੇਤਨਯਾਹੂ ਦੀ ਲਿਕੁਡ ਪਾਰਟੀ ਆਪਣੇ ਪੁਰਾਣੇ ਸਹਿਯੋਗੀਆਂ ਨਾਲ ਬਹੁਮਤ ਜੁਟਾਉਣ ਦੀ ਕੋਸ਼ਿਸ਼ ਕਰੇਗੀ। ਇਨ੍ਹਾਂ ਵਿਚ ਇਤਾਮਾਰ ਬੇਨ-ਗਵੀਰ ਦੀ ਯਹੂਦੀ ਸ਼ਕਤੀ ਪਾਰਟੀ, ਬੇਜ਼ਾਲੇਲ ਸਮੋਟ੍ਰਿਚ ਦੀ ਧਾਰਮਿਕ ਜ਼ਾਇਨਿਜ਼ਮ ਪਾਰਟੀ ਅਤੇ ਅਤਿ-ਰੂੜ੍ਹੀਵਾਦੀ ਦਲ ਸ਼ਾਸ ਅਤੇ ਯੂਨਾਈਟਿਡ ਤੋਰਾਹ ਜੂਡਾਇਜ਼ਮ ਸ਼ਾਮਲ ਹਨ। ਵਾਧੂ ਸਮਰਥਨ ਮਿਲਣ ’ਤੇ ਨੇਤਨਯਾਹੂ ਫਿਰ ਪ੍ਰਧਾਨ ਮੰਤਰੀ ਬਣ ਸਕਦੇ ਹਨ।

ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

ਵਿਰੋਧੀ ਗੱਠਜੋੜ ਦੀ ਸਰਕਾਰ
ਗਾਦੀ ਆਈਜ਼ਨਕੋਟ ਦੀ ਯਾਸ਼ਰ ਪਾਰਟੀ ਸਮੇਤ ਚਾਰ ਵਿਰੋਧੀ ਪਾਰਟੀਆਂ ਨੇ ਨੇਤਨਯਾਹੂ ਨੂੰ ਸੱਤਾ ਤੋਂ ਹਟਾਉਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਸਾਬਕਾ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਵੀ ਸੰਭਾਵੀ ਆਗੂਆਂ ਵਿਚ ਸ਼ਾਮਲ ਹਨ। ਹਾਲਾਂਕਿ, ਵਿਰੋਧੀ ਧਿਰ ਦੇ ਸਾਹਮਣੇ ਚੁਣੌਤੀ ਆਪਣੇ ਘਟਕ ਦਲਾਂ ਨੂੰ ਇਕਜੁਟ ਰੱਖਣ ਅਤੇ 61 ਸੀਟਾਂ ਦਾ ਸਮਰਥਨ ਹਾਸਲ ਕਰਨ ਦੀ ਹੋਵੇਗੀ।

ਅਰਬ ਪਾਰਟੀ ਰਾ’ਮ ਦਾ ਸਮਰਥਨ
ਫਿਲਸਤੀਨੀ ਮੂਲ ਦੇ ਨਾਗਰਿਕ ਇਜ਼ਰਾਈਲ ਦੀ ਆਬਾਦੀ ਦਾ ਲਗਭਗ 20 ਫੀਸਦੀ ਹਨ। ਰਾ’ਮ ਅਤੇ ਜੁਆਇੰਟ ਲਿਸਟ ਵਰਗੇ ਦਲ ਸੰਸਦ ਵਿਚ ਨਿਰਣਾਇਕ ਗਿਣਤੀ ਹਾਸਲ ਕਰ ਸਕਦੇ ਹਨ। ਰਾ’ਮ ਦੇ ਨੇਤਾ ਮਨਸੂਰ ਅੱਬਾਸ ਨੇ ਵਿਰੋਧੀ ਧਿਰ ਨੂੰ ਸਮਰਥਨ ਦੇਣ ਦੀ ਸੰਭਾਵਨਾ ਜਤਾਈ ਹੈ ਪਰ ਵਿਰੋਧੀ ਧਿਰ ਦੇ ਕਈ ਨੇਤਾ ਅਜਿਹੇ ਗੱਠਜੋੜ ਖਿਲਾਫ ਹਨ।

ਬਾਹਰੋਂ ਸਮਰਥਨ ਲੈ ਕੇ ਘੱਟਗਿਣਤੀ ਸਰਕਾਰ
ਜੇਕਰ ਕੋਈ ਗੱਠਜੋੜ 61 ਸੀਟਾਂ ਨਹੀਂ ਜੁਟਾ ਪਾਉਂਦਾ ਤਾਂ ਉਹ ਸਰਕਾਰ ਵਿਚ ਸ਼ਾਮਲ ਕੀਤੇ ਬਿਨਾਂ ਦੂਜੀਆਂ ਪਾਰਟੀਆਂ ਦਾ ਸਮਰਥਨ ਮੰਗ ਸਕਦਾ ਹੈ। ਜੁਆਇੰਟ ਲਿਸਟ ਵਿਸ਼ਵਾਸ ਮਤੇ ਵਿਚ ਸਰਕਾਰ ਖਿਲਾਫ ਵੋਟਿੰਗ ਨਾ ਕਰਨ ਦੇ ਬਦਲੇ ਫਿਲਸਤੀਨੀ ਰਾਜ ਦੀ ਦਿਸ਼ਾ ਵਿਚ ਕਦਮ ਅਤੇ ਸੰਗਠਿਤ ਅਪਰਾਧ ’ਤੇ ਕਾਰਵਾਈ ਵਰਗੀਆਂ ਸ਼ਰਤਾਂ ਰੱਖ ਸਕਦੀ ਹੈ। ਹਾਲਾਂਕਿ, ਅਜਿਹੀ ਸਰਕਾਰ ਅਸਥਿਰ ਰਹਿ ਸਕਦੀ ਹੈ।

ਰਾਸ਼ਟਰੀ ਏਕਤਾ ਸਰਕਾਰ
ਸਿਆਸੀ ਖੜੌਤ ਦੂਰ ਕਰਨ ਲਈ ਵਿਰੋਧੀ ਧਿਰਾਂ ਮਿਲ ਕੇ ਵਿਆਪਕ ਗੱਠਜੋੜ ਸਰਕਾਰ ਬਣਾ ਸਕਦੀਆਂ ਹਨ। ਸਾਲ 2020 ਵਿਚ ਨੇਤਨਯਾਹੂ ਅਤੇ ਬੈਨੀ ਗੈਂਟਜ਼ ਨੇ ਅਜਿਹੀ ਸਰਕਾਰ ਬਣਾਈ ਸੀ ਪਰ ਉਹ ਇਕ ਸਾਲ ਅੰਦਰ ਟੁੱਟ ਗਈ ਸੀ।

ਪ੍ਰਧਾਨ ਮੰਤਰੀ ਅਹੁਦੇ ਦੀ ਵਾਰੀ-ਵਾਰੀ ਵੰਡ
ਦੋ ਨੇਤਾ ਸਹਿਮਤੀ ਨਾਲ ਤੈਅ ਸਮੇਂ ਤੱਕ ਪ੍ਰਧਾਨ ਮੰਤਰੀ ਬਣ ਸਕਦੇ ਹਨ। ਨੇਤਨਯਾਹੂ ਅਤੇ ਗੈਂਟਜ਼ ਵਿਚਕਾਰ 2020 ਵਿਚ ਅਜਿਹਾ ਸਮਝੌਤਾ ਹੋਇਆ ਸੀ। ਬੇਨੇਟ ਅਤੇ ਯਾਇਰ ਲੈਪਿਡ ਨੇ ਵੀ 2021 ਵਿਚ ਇਸੇ ਤਰ੍ਹਾਂ ਸੱਤਾ ਸਾਂਝੀ ਕੀਤੀ ਸੀ।

ਉਸੇ ਖੇਮੇ ਤੋਂ ਨਵਾਂ ਪ੍ਰਧਾਨ ਮੰਤਰੀ
ਜੇਕਰ ਨੇਤਨਯਾਹੂ ਦੀ ਲੀਡਰਸ਼ਿਪ ’ਤੇ ਸਹਿਮਤੀ ਨਹੀਂ ਬਣਦੀ, ਤਾਂ ਉਨ੍ਹਾਂ ਦੇ ਸਿਆਸੀ ਖੇਮੇ ਜਾਂ ਵਿਰੋਧੀ ਧਿਰ ਦਾ ਕੋਈ ਦੂਜਾ ਨੇਤਾ ਗੱਠਜੋੜ ਦੀ ਕਮਾਨ ਸੰਭਾਲ ਸਕਦਾ ਹੈ। ਅਜਿਹਾ ਬਦਲ ਸਹਿਯੋਗੀ ਪਾਰਟੀਆਂ ਵਿਚਕਾਰ ਮਤਭੇਦ ਦੂਰ ਕਰਨ ਲਈ ਅਪਣਾਇਆ ਜਾ ਸਕਦਾ ਹੈ।

ਸਮਝੌਤਾ ਅਸਫਲ ਤਾਂ ਫਿਰ ਚੋਣਾਂ
ਜੇਕਰ ਕੋਈ ਨੇਤਾ ਬਹੁਮਤ ਜੁਟਾਉਣ ਵਿਚ ਨਾਕਾਮ ਰਹਿੰਦਾ ਹੈ, ਤਾਂ ਇਜ਼ਰਾਈਲ ਨੂੰ ਮੁੜ ਚੋਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿਚ ਨਵੀਂ ਸਰਕਾਰ ਬਣਨ ਤੱਕ ਨੇਤਨਯਾਹੂ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ।

ਇਹ ਵੀ ਪੜ੍ਹੋ- ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News