ਟਰੰਪ ਦੀ ਧਮਕੀ ’ਤੇ ਈਰਾਨ ਬੋਲਿਆ-ਸਾਡੇ 1000 ਡਰੋਨ ਤਿਆਰ

Friday, Jan 30, 2026 - 10:37 PM (IST)

ਟਰੰਪ ਦੀ ਧਮਕੀ ’ਤੇ ਈਰਾਨ ਬੋਲਿਆ-ਸਾਡੇ 1000 ਡਰੋਨ ਤਿਆਰ

ਤਹਿਰਾਨ- ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਦੇ ਵਿਚਾਲੇ ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜ਼ਮੀਨ ਅਤੇ ਸਮੁੰਦਰ ਤੋਂ ਹਮਲਾ ਕਰਨ ਵਾਲੇ 1000 ਡਰੋਨ ਤਿਆਰ ਕਰ ਲਏ ਹਨ। ਈਰਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਜੇ ਅਮਰੀਕਾ ਹਮਲਾ ਕਰਦਾ ਹੈ, ਤਾਂ ਉਸ ਦੇ ਡਰੋਨ ਅਤੇ ਮਿਜ਼ਾਈਲਾਂ ਦਾ ਨੈੱਟਵਰਕ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਸਕਦਾ ਹੈ। ਟਰੰਪ ਨੇ 28 ਜਨਵਰੀ ਨੂੰ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ’ਤੇ ਸਮਝੌਤਾ ਕਰਨ ਲਈ ਕਿਹਾ ਸੀ। ਅਜਿਹਾ ਨਾ ਕਰਨ ’ਤੇ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਈਰਾਨ ’ਤੇ ਅਗਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੋਵੇਗਾ। ਟਰੰਪ ਮੁਤਾਬਕ ਅਮਰੀਕੀ ਜੰਗੀ ਬੇੜੇ ਈਰਾਨ ਵੱਲ ਵਧ ਰਹੇ ਹਨ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀ ਕਿਹਾ ਹੈ ਕਿ ਫੌਜ ਰਾਸ਼ਟਰਪਤੀ ਦੇ ਕਿਸੇ ਵੀ ਹੁਕਮ ਲਈ ਤਿਆਰ ਹੈ।

ਈਰਾਨ ਦੇ ਫੌਜ ਮੁਖੀ ਮੇਜਰ ਜਨਰਲ ਅਮੀਰ ਹਾਤਾਮੀ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿਚ ਅਮਰੀਕਾ ਅਤੇ ਇਜ਼ਰਾਈਲ ਨਾਲ ਹੋਏ 12 ਦਿਨਾਂ ਦੇ ਸੰਘਰਸ਼ ਤੋਂ ਬਾਅਦ ਫੌਜ ਨੇ ਆਪਣੀ ਫੌਜੀ ਰਣਨੀਤੀ ਬਦਲ ਲਈ ਹੈ। ਇਸ ਦੇ ਤਹਿਤ ਵੱਡੀ ਗਿਣਤੀ ’ਚ ਡਰੋਨ ਤਿਆਰ ਕੀਤੇ ਗਏ ਹਨ। ਹਾਤਾਮੀ ਮੁਤਾਬਕ, ਇਹ ਡਰੋਨ ਜ਼ਮੀਨ ਅਤੇ ਸਮੁੰਦਰ ਦੋਵਾਂ ਥਾਵਾਂ ਤੋਂ ਆਪ੍ਰੇਟ ਕੀਤੇ ਸਕਦੇ ਹਨ। ਇਸ ਤੋਂ ਇਲਾਵਾ ਈਰਾਨ ਕੋਲ ਪਹਿਲਾਂ ਹੀ ਵੱਡੀ ਗਿਣਤੀ ’ਚ ਬੈਲਿਸਟਿਕ ਮਿਜ਼ਾਈਲਾਂ ਮੌਜੂਦ ਹਨ।

ਤਣਾਅ ਵਿਚਾਲੇ ਤੁਰਕੀ ਪਹੁੰਚੇ ਈਰਾਨੀ ਵਿਦੇਸ਼ ਮੰਤਰੀ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸ਼ੁੱਕਰਵਾਰ ਨੂੰ ਇਸਤਾਂਬੁਲ ਪਹੁੰਚੇ। ਉਨ੍ਹਾਂ ਨੇ ਇੱਥੇ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨਾਲ ਮੁਲਾਕਾਤ ਕੀਤੀ ਹੈ। ਇਸ ਯਾਤਰਾ ਦਾ ਮਕਸਦ ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ’ਤੇ ਗੱਲਬਾਤ ਕਰਨਾ ਹੈ। ਤੁਰਕੀ ਤਣਾਅ ਘਟਾਉਣ ਲਈ ਵਿਚੋਲਗੀ ਦੀ ਪੇਸ਼ਕਸ਼ ਕਰ ਰਿਹਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, ਅਰਾਘਚੀ ਦੀ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨਨਾਲ ਵੀ ਮੀਟਿੰਗ ਪ੍ਰਸਤਾਵਿਤ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਦੋਵਾਂ ਪੱਖਾਂ ਨੂੰ ਗੱਲਬਾਤ ਦੀ ਮੇਜ਼ ’ਤੇ ਪਰਤਣ ਦੀ ਅਪੀਲ ਕੀਤੀ ਹੈ।

ਅਮਰੀਕਾ ਨੇ ਮਿਡਲ ਈਸਟ ’ਚ ਤਾਇਨਾਤੀ ਵਧਾਈ

ਅਮਰੀਕਾ ਨੇ ਮਿਡਲ ਈਸਟ ’ਚ ਆਪਣੀ ਫੌਜੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕਰਦੇ ਹੋਏ ਅਰਬ ਸਾਗਰ ਅਤੇ ਲਾਲ ਸਾਗਰ ’ਚ ਜਹਾਜ਼ ਕੈਰੀਅਰ ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ, ਯੂ.ਐੱਸ.ਐੱਸ. ਥੀਓਡੋਰ ਰੂਜ਼ਵੈਲਟ ਅਤੇ ਕਈ ਮਿਜ਼ਾਈਲ ਵਿਨਾਸ਼ਕਾਰੀ ਜੰਗੀ ਬੇੜੇ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਕਤਰ, ਬਹਿਰੀਨ, ਸਾਊਦੀ ਅਰਬ, ਇਰਾਕ ਅਤੇ ਜਾਰਡਨ ਦੇ ਫੌਜੀ ਅੱਡਿਆਂ ਤੋਂ ਹਵਾਈ ਫੌਜ ਦੀ ਸਰਗਰਮੀ ਵਧ ਗਈ ਹੈ। ਅਮਰੀਕਾ ਹੁਣ ਈਰਾਨ ਦੇ ਪ੍ਰਮਾਣੂ ਟਿਕਾਣਿਆਂ, ਫੌਜੀ ਅੱਡਿਆਂ ਅਤੇ ਕਮਾਂਡ ਸੈਂਟਰਾਂ ’ਤੇ ਸਮੁੰਦਰ ਅਤੇ ਅਾਸਮਾਨ ਦੋਵਾਂ ਪਾਸਿਆਂ ਤੋਂ ਹਮਲਾ ਕਰਨ ਦੀ ਸਥਿਤੀ ਵਿਚ ਆ ਗਿਆ ਹੈ।


author

Rakesh

Content Editor

Related News