ਅਮਰੀਕਾ ਤੋਂ ਬਾਅਦ ਹੁਣ ਇਹ ਦੇਸ਼ ਵੀ ਈਰਾਨ-ਇਜ਼ਰਾਈਲ ਜੰਗ 'ਚ ਮਾਰੇਗਾ ਐਂਟਰੀ ! ਸੱਦ ਲਈ ਐਮਰਜੈਂਸੀ ਮੀਟਿੰਗ
Sunday, Jun 22, 2025 - 02:43 PM (IST)
 
            
            ਇੰਟਰਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਦੀ ਜੰਗ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਜਦੋਂ ਅਚਾਨਕ ਇਸ ਜੰਗ 'ਚ ਅਮਰੀਕਾ ਨੇ ਐਂਟਰੀ ਮਾਰ ਲਈ ਤਾਂ ਸਥਿਤੀ ਹੋਰ ਗੰਭੀਰ ਹੋ ਗਈ ਹੈ। ਅਮਰੀਕਾ ਨੇ ਅੱਜ ਈਰਾਨ ਦੇ 3 ਪ੍ਰਮੁੱਖ ਪਰਮਾਣੂ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ, ਜਿਸ ਤੋਂ ਬਾਅਦ ਅਮਰੀਕਾ ਦੇ ਇਸ ਕਦਮ ਦਾ ਦੁਨੀਆ ਭਰ ਦੇ ਕਈ ਦੇਸ਼ ਜਿੱਥੇ ਸਮਰਥਨ ਕਰ ਰਹੇ ਹਨ, ਉੱਥੇ ਹੀ ਕਈ ਦੇਸ਼ ਇਸ ਦੀ ਨਿੰਦਾ ਵੀ ਕਰ ਰਹੇ ਹਨ।
ਈਰਾਨ 'ਤੇ ਹੋਏ ਇਸ ਤਾਜ਼ਾ ਹਮਲੇ ਮਗਰੋਂ ਦੱਖਣੀ ਕੋਰੀਆ ਦੀ ਸਰਕਾਰ ਨੇ ਇਸ ਮਾਮਲੇ ਬਾਰੇ ਇਕ ਆਪਾਤਕਾਲ ਬੈਠਕ ਬੁਲਾ ਲਈ ਹੈ, ਤਾਂ ਜੋ ਅਮਰੀਕੀ ਹਮਲੇ ਮਗਰੋਂ ਈਰਾਨ ਦੇ ਨਿਊਕਲੀਅਰ ਟਿਕਾਣਿਆਂ ਦੇ ਹੋਏ ਨੁਕਸਾਨ ਬਾਰੇ ਅੰਦਾਜ਼ਾ ਲਗਾਇਆ ਜਾ ਸਕੇ। ਇਸ ਮੀਟਿੰਗ ਦੀ ਅਗਵਾਈ ਦੱਖਣੀ ਕੋਰੀਆ ਦੇ ਵਿੱਤ ਮੰਤਰੀ ਲੀ ਹਯੋਂਗ-ਇਲ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਈਰਾਨ-ਇਜ਼ਰਾਈਲ ਜੰਗ ਦੌਰਾਨ ਅਰਥਵਿਵਸਥਾ 'ਤੇ ਹੋਣ ਵਾਲੇ ਅਸਰ ਨੂੰ ਘੱਟ ਕਰਨ ਬਾਰੇ ਵੀ ਚਰਚਾ ਕੀਤੇ ਜਾਣ ਦਾ ਅਨੁਮਾਨ ਹੈ। ਇਸ ਦੌਰਾਨ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਦੱਖਣੀ ਕੋਰੀਆ ਵੀ ਇਸ ਜੰਗ 'ਚ ਸ਼ਾਮਲ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ ਈਰਾਨ ਦਾ ਕਹਿਣਾ
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਵਪਾਰ ਤੇ ਊਰਜਾ ਮੰਤਰਾਲੇ ਨੇ ਵੀ ਇਕ ਵੱਖਰੀ ਬੈਠਕ ਬੁਲਾਈ ਸੀ, ਜਿਸ 'ਚ ਅਮਰੀਕਾ ਦੇ ਇਸ ਹਮਲੇ ਬਾਰੇ ਚਰਚਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੀ ਪੂਰੀ ਇੰਡਸਟਰੀ ਮੱਧ-ਪੂਰਬੀ ਦੇਸ਼ਾਂ ਤੋਂ ਆਉਣ ਵਾਲੇ ਤੇਲ 'ਤੇ ਨਿਰਭਰ ਕਰਦੀ ਹੈ ਤੇ ਈਰਾਨ-ਇਜ਼ਰਾਈਲ ਵਿਚਾਲੇ ਤਾਜ਼ਾ ਹਾਲਾਤਾਂ ਕਾਰਨ ਇਹ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸੇ ਮਸਲੇ ਨੂੰ ਹੱਲ ਕਰਨ ਤੇ ਇਸ ਬਾਰੇ ਚਰਚਾ ਕਰਨ ਨੂੰ ਲੈ ਕੇ ਹੀ ਇਹ ਮੀਟਿੰਗ ਸੱਦੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਈਰਾਨ-ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਦੋਵਾਂ ਦੇਸ਼ਾਂ ਦੇ ਜਿੱਥੇ 800 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਉੱਥੇ ਹੀ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਹਨ। ਜੰਗ ਕਾਰਨ ਦੋਵਾਂ ਦੇਸ਼ਾਂ ਦਾ ਏਅਰਸਪੇਸ ਵੀ ਬੰਦ ਹੈ, ਜਿਸ ਕਾਰਨ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਫਲਾਈਟਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਕਿਸੇ ਏਲੀਅਨਸ਼ਿਪ ਵਰਗਾ ਲਗਦਾ ਹੈ ਅਮਰੀਕਾ ਦਾ 'ਬ੍ਰਹਮ ਅਸਤਰ', ਜਿਸ ਨੇ ਈਰਾਨ 'ਚ ਮਚਾਈ ਤਬਾਹੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            