ਈਰਾਨ ''ਚ ਸੰਸਦੀ ਚੋਣਾਂ ਲਈ ਵੋਟਿੰਗ ਸ਼ੁਰੂ, 15 ਹਜ਼ਾਰ ਉਮੀਦਵਾਰ ਮੈਦਾਨ ''ਚ
Friday, Mar 01, 2024 - 11:35 AM (IST)
ਤਹਿਰਾਨ (ਏਜੰਸੀ) : ਹਿਜਾਬ ਲਾਜ਼ਮੀ ਕਰਨ ਵਾਲੇ ਕਾਨੂੰਨਾਂ ਖ਼ਿਲਾਫ਼ 2022 ਵਿਚ ਹੋਏ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਈਰਾਨ ਦੀਆਂ ਪਹਿਲੀਆਂ ਸੰਸਦੀ ਚੋਣਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ (84) ਚੋਣਾਂ ਵਿੱਚ ਆਪਣੀ ਵੋਟ ਪਾਉਣ ਵਾਲੇ ਪਹਿਲੇ ਵੋਟਰਾਂ ਵਿੱਚੋਂ ਇੱਕ ਹੋਣਗੇ। ਇਸ ਵੋਟਿੰਗ ਰਾਹੀਂ ਦੇਸ਼ ਦੀ 'ਅਸੈਂਬਲੀ ਆਫ਼ ਐਕਸਪਰਟਸ' ਦੇ ਮੈਂਬਰ ਵੀ ਚੁਣੇ ਜਾਣਗੇ। ਖਮੇਨੇਈ ਦੇ ਅਸਤੀਫੇ਼ ਜਾਂ ਉਨ੍ਹਾਂ ਦੀ ਮੌਤ ਦੀ ਸਥਿਤੀ ਵਿੱਚ ਨਵੇਂ ਸਰਵਉੱਚ ਨੇਤਾ ਦੀ ਚੋਣ ਕਰਨ ਦੀ ਜ਼ਿੰਮੇਵਾਰੀ 'ਅਸੈਂਬਲੀ ਆਫ਼ ਐਕਸਪਰਟਸ' ਦੀ ਹੋਵੇਗੀ।
ਖਮਨੇਈ ਦੀ ਉਮਰ ਦੇ ਮੱਦੇਨਜ਼ਰ 'ਅਸੈਂਬਲੀ ਆਫ਼ ਐਕਸਪਰਟਸ' ਦਾ ਮਹੱਤਵ ਵਧ ਗਿਆ ਹੈ। ਦੇਸ਼ ਦੀ 290 ਮੈਂਬਰੀ ਸੰਸਦ ਦੀ ਮੈਂਬਰਸ਼ਿਪ ਲਈ ਕਰੀਬ 15,000 ਉਮੀਦਵਾਰ ਮੈਦਾਨ ਵਿੱਚ ਹਨ। ਈਰਾਨ ਦੀ ਸੰਸਦ ਨੂੰ ਰਸਮੀ ਤੌਰ 'ਤੇ ਇਸਲਾਮਿਕ ਸਲਾਹਕਾਰ ਅਸੈਂਬਲੀ ਵਜੋਂ ਜਾਣਿਆ ਜਾਂਦਾ ਹੈ। ਸੰਸਦ ਮੈਂਬਰਾਂ ਦਾ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ ਅਤੇ ਈਰਾਨ ਦੀਆਂ ਧਾਰਮਿਕ ਘੱਟ ਗਿਣਤੀਆਂ ਲਈ ਪੰਜ ਸੀਟਾਂ ਰਾਖਵੀਆਂ ਹੁੰਦੀਆਂ ਹਨ। ਕਾਨੂੰਨ ਦੇ ਤਹਿਤ ਸੰਸਦ ਕਾਰਜਕਾਰੀ ਸ਼ਾਖਾ 'ਤੇ ਨਿਗਰਾਨੀ ਦਾ ਅਭਿਆਸ ਕਰਦੀ ਹੈ, ਸੰਧੀਆਂ 'ਤੇ ਵੋਟਿੰਗ ਕਰਦੀ ਹੈ ਅਤੇ ਹੋਰ ਮੁੱਦਿਆਂ ਨਾਲ ਨਜਿੱਠਦੀ ਹੈ, ਪਰ ਈਰਾਨ ਵਿੱਚ ਅਮਲੀ ਤੌਰ 'ਤੇ ਪੂਰਨ ਸ਼ਕਤੀ ਇਸਦੇ ਸਰਵਉੱਚ ਨੇਤਾ ਦੇ ਕੋਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਮੁਈਜ਼ੂ ਦੀ ਸਮਾਂ ਸੀਮਾ ਤੋਂ ਪਹਿਲਾਂ ਮਾਲਦੀਵ ਪਹੁੰਚੀ 'ਭਾਰਤੀ ਤਕਨੀਕੀ ਟੀਮ'
2022 ਵਿੱਚ ਪੁਲਸ ਹਿਰਾਸਤ ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਹਿਜਾਬ ਪਹਿਨਣ ਨੂੰ ਲਾਜ਼ਮੀ ਕਰਨ ਵਿਰੁੱਧ ਦੇਸ਼ ਭਰ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ। ਇਸ ਪ੍ਰਦਰਸ਼ਨ ਵਿਰੁੱਧ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ 500 ਲੋਕ ਮਾਰੇ ਗਏ ਸਨ ਅਤੇ 22,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲ ਹੀ ਦੇ ਹਫ਼ਤਿਆਂ ਵਿੱਚ ਬਹੁਤ ਸਾਰੇ ਲੋਕਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਇਨ੍ਹਾਂ ਵਿੱਚ ਜੇਲ੍ਹ ਵਿੱਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਔਰਤਾਂ ਦੇ ਅਧਿਕਾਰਾਂ ਦੀ ਕਾਰਕੁਨ ਨਰਗਿਸ ਮੁਹੰਮਦੀ ਵੀ ਸ਼ਾਮਲ ਹੈ, ਜਿਸ ਨੇ ਇਨ੍ਹਾਂ ਚੋਣਾਂ ਨੂੰ ‘ਦਿਖਾਵਾ’ ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।