ਇਪਸਾ ਵੱਲੋਂ ਆਸਟ੍ਰੇਲੀਆ ''ਚ ਡਾ. ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਆਯੋਜਿਤ

Sunday, Sep 26, 2021 - 02:27 PM (IST)

ਇਪਸਾ ਵੱਲੋਂ ਆਸਟ੍ਰੇਲੀਆ ''ਚ ਡਾ. ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬੀ ਸਾਹਿਤ ਦੀ ਅਜ਼ੀਮ ਹਸਤੀ ਡਾ. ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਦੇ ਪ੍ਰਬੁੱਧ ਆਲੋਚਕ ਅਤੇ ਸੁਹਜਵਾਦੀ ਸ਼ਾਇਰ ਡਾ. ਹਰਿਭਜਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਉਨ੍ਹਾਂ ਦੀ ਸਾਹਿਤਕ ਦੇਣ ਨੂੰ ਯਾਦ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਰੱਖੇ ਗਏ। 

ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਪਰਚੇ ‘ਮਾਨਵੀ ਸੰਵੇਦਨਾ ਦਾ ਸਿਰਜਕ - ਡਾ. ਹਰਿਭਜਨ ਸਿੰਘ’ ਨਾਲ ਹੋਈ। ਉਪਰੋਕਤ ਪਰਚਾ ਦਿੱਲੀ ਅਕਾਦਮੀ ਵੱਲੋਂ ਡਾ. ਹਰਿਭਜਨ ਸਿੰਘ ਨੂੰ ਸਮਰਪਿਤ ਮੈਗਜ਼ੀਨ ‘ਸਮਦਰਸ਼ੀ’ ਦੇ ਵਿਸ਼ੇਸ਼ ਅੰਕ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਸਮਾਗਮ ਵਿਚ ਡਾ. ਸੁਹਿੰਦਰਬੀਰ ਵੱਲੋਂ ਬਹੁਤ ਮਿਹਨਤ ਨਾਲ ਸੰਕਲਿਤ ਅਤੇ ਸੰਪਾਦਿਤ ਕੀਤਾ ਇਹ ਵਿਸ਼ੇਸ਼ ਅੰਕ ਲੋਕ ਅਰਪਣ ਕਰਨਾ ਸੀ ਪਰ ਅਜੇ ਇਸਦਾ ਕਿਤਾਬੀ ਰੂਪ ਪ੍ਰਕਾਸ਼ਿਤ ਨਾ ਹੋਣ ਕਰਕੇ ਪੀ ਡੀ ਐਫ਼ ਰੂਪ ਇੱਛਕ ਪਾਠਕਾਂ ਨੂੰ ਦਿੱਤਾ ਗਿਆ।ਸਮਾਗਮ ਵਿਚ ਸਰਬਜੀਤ ਸੋਹੀ ਨੇ ਡਾ. ਹਰਿਭਜਨ ਸਿੰਘ ਜੀ ਸਮੁੱਚੀ ਸ਼ਬਦ ਯਾਤਰਾ, ਕਾਵਿਕ ਸ਼ੈਲੀ, ਆਲੋਚਨਾ ਅਤੇ ਕਿਤਾਬਾਂ ਨਾਲ ਜੁੜੇ ਪਾਰਕਾਲੀ ਅਤੇ ਵਕਤੀ ਪ੍ਰਭਾਵਾਂ ਦਾ ਜ਼ਿਕਰ ਕੀਤਾ। ਸਰਬਜੀਤ ਸੋਹੀ ਨੇ ਡਾ. ਹਰਿਭਜਨ ਸਿੰਘ ਨੂੰ ਸੁਹਜਤਮਕ ਊਰਜਾ ਨਾਲ ਭਰਿਆ ਉਹ ਨਾਭਿਕੀ ਤਾਰਾ ਕਿਹਾ, ਜੋ ਅਸਤ ਹੋ ਕੇ ਚੇਤਿਆਂ ਵਿਚ ਟਹਿਕਦਾ ਰਹੇਗਾ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਵੱਡਾ ਐਲਾਨ, ਅਫਗਾਨ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ 'ਚ ਹੋਵੇਗੀ ਤਬਦੀਲੀ

ਪ੍ਰੋਗਰਾਮ ਦੇ ਅੰਤਿਮ ਦੌਰ ਵਿਚ ਕਵਿਤਾਵਾਂ ਅਤੇ ਗੀਤਾਂ ਦਾ ਸਿਲਸਿਲਾ ਆਤਮਾ ਹੇਅਰ ਦੇ ਖ਼ੂਬਸੂਰਤ ਗੀਤ ਨਾਲ ਸ਼ੁਰੂ ਹੋਇਆ। ਉਪਰੰਤ ਪਾਲ ਰਾਊਕੇ, ਤਜਿੰਦਰ ਭੰਗੂ, ਸੁਰਜੀਤ ਸੰਧੂ, ਦਲਵੀਰ ਹਲਵਾਰਵੀ, ਰੁਪਿੰਦਰ ਸੋਜ਼ ਅਤੇ ਸਰਬਜੀਤ ਸੋਹੀ ਨੇ ਆਪਣੀਆਂ ਰਚਨਾਵਾਂ ਨਾਲ ਕਾਵਿਕ ਮਾਹੌਲ ਬੰਨ ਦਿੱਤਾ। ਇਸ ਮੌਕੇ ਹਾਜ਼ਰ ਹੋਏ ਜਸਟਿਸ ਆਫ਼ ਪੀਸ ਲਖਵਿੰਦਰ ਸਿੰਘ ਲੱਕੀ ਨੇ ਇਪਸਾ ਦੇ ਕਾਰਜਾਂ ਦੇ ਤਾਰੀਫ਼ ਕਰਦਿਆਂ ਇਸ ਨੂੰ ਸਮਾਜ ਲਈ ਬਹੁਤ ਉਦੇਸ਼ ਪੂਰਨ ਅਤੇ ਦਿਸ਼ਾ ਦੇਣ ਵਾਲੇ ਕਿਹਾ। ਦਲਵੀਰ ਹਲਵਾਰਵੀ ਨੇ ਡਾ. ਹਰਿਭਜਨ ਸਿੰਘ ਦੀ ਕਵਿਤਾ ਬੋਲਦਿਆਂ ਮਹਿਫ਼ਲ ਵਿਚ ਵਿਸਮਾਦ ਭਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਾਹਲ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ, ਗੁਰਦੀਪ ਸਿੰਘ ਮਲਹੋਤਰਾ ਅਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।
 


author

Vandana

Content Editor

Related News