ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਸੰਮੇਲਨ ਦੀ ਪ੍ਰਧਾਨਗੀ

Friday, Nov 18, 2022 - 12:30 AM (IST)

ਬਾਲੀ (ਯੂ. ਐੱਨ. ਆਈ.) ਇੰਡੋਨੇਸ਼ੀਆ ਦੇ ਬਾਲੀ ’ਚ ਜੀ-20 ਸਿਖਰ ਸੰਮੇਲਨ ਬੁੱਧਵਾਰ ਦੁਪਹਿਰ ਖਤਮ ਹੋ ਗਿਆ। ਮੇਜ਼ਬਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਸਾਲ ਲਈ ਇਸ ਦੀ ਪ੍ਰਧਾਨਗੀ ਸੌਂਪੀ। ਪ੍ਰਧਾਨਗੀ ਮਿਲਣ ਪਿਛੋਂ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਭਾਰਤ ਵੱਲ ਦੇਖ ਰਹੀ ਹੈ। ਉਸ ਨੂੰ ਸਾਡੇ ਤੋਂ ਉਮੀਦਾਂ ਹਨ। ਅਗਲੇ ਇੱਕ ਸਾਲ ਦੌਰਾਨ ਅਸੀਂ ਚਾਹੁੰਦੇ ਹਾਂ ਕਿ ਜੀ-20 ਮਿਲ ਕੇ ਕੰਮ ਕਰੇ।

ਜੀ-20 ਸੰਮੇਲਨ ਦੀ ਸਮਾਪਤੀ ’ਤੇ ਸਾਲ 2022-23 ਲਈ ਵਿਸ਼ਵ ਦੇ 20 ਆਰਥਿਕ ਪਖੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਇਸ ਗਰੁੱਪ ਦੀ ਮੋਦੀ ਨੇ ਪ੍ਰਧਾਨਗੀ ਸੰਭਾਲੀ ਅਤੇ ਕਿਹਾ ਕਿ ਭਾਰਤ ਸਮਾਵੇਸ਼ੀ, ਅਭਿਲਾਸ਼ੀ, ਫੈਸਲਾਕੁੰਨ ਅਤੇ ਨਤੀਜਾ ਓਰੀਐਂਟਿਡ ਲੀਡਰਸ਼ਿਪ ਦੀ ਕਲਪਨਾ ਕਰੇਗਾ। ਨਾਲ ਹੀ ਸਮੂਹਿਕ ਯਤਨਾਂ ਨੂੰ ਤੇਜ਼ ਕਰ ਕੇ ਜੀ-20 ਨੂੰ ਗਲੋਬਲ ਤਬਦੀਲੀ ਦਾ ਉਤਪ੍ਰੇਰਕ ਬਣਾਉਣ ਦੀ ਕੋਸ਼ਿਸ਼ ਕਰੇਗਾ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਇਸ ਔਖੇ ਸਮੇਂ ਵਿੱਚ ਜੀ-20 ਨੂੰ ਕੁਸ਼ਲ ਅਗਵਾਈ ਦਿੱਤੀ ।

ਮੋਦੀ ਨੇ ਕਿਹਾ ਕਿ ਭਾਰਤ ਅਜਿਹੇ ਸਮੇਂ ਜੀ-20 ਦੀ ਕਮਾਨ ਸੰਭਾਲ ਰਿਹਾ ਹੈ ਜਦੋਂ ਦੁਨੀਆ ਭੂ-ਰਾਜਨੀਤਿਕ ਤਣਾਅ, ਆਰਥਿਕ ਮੰਦੀ, ਖੁਰਾਕੀ ਊਰਜਾ ਦੀਆਂ ਉਚ ਕੀਮਤਾਂ ਅਤੇ ਮਹਾਂਮਾਰੀ ਦੇ ਲੰਬੇ ਸਮੇਂ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਹੀ ਹੈ। ਅਜਿਹੇ ਸਮੇਂ ’ਚ ਦੁਨੀਆ ਉਮੀਦ ਨਾਲ ਜੀ-20 ਵੱਲ ਦੇਖ ਰਹੀ ਹੈ। ਅੱਜ ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤ ਦੀ ਜੀ-20 ਪ੍ਰਧਾਨਗੀ ਸਮਾਵੇਸ਼ੀ, ਅਭਿਲਾਸ਼ੀ, ਫੈਸਲਾਕੁੰਨ ਅਤੇ ਨਤੀਜਾ ਮੁਖੀ ਹੋਵੇਗੀ।

ਉਨ੍ਹਾਂ ਕਿਹਾ ਕਿ ਅੱਜ ਕੁਦਰਤੀ ਸੋਮਿਆਂ ’ਤੇ ਮਾਲਕੀ ਦੀ ਭਾਵਨਾ ਹੀ ਟਕਰਾਅ ਨੂੰ ਜਨਮ ਦੇ ਰਹੀ ਹੈ। ਇਹ ਵਾਤਾਵਰਨ ਦੀ ਦੁਰਦਸ਼ਾ ਦਾ ਮੁੱਖ ਕਾਰਨ ਬਣ ਗਈ ਹੈ। ਟਰੱਸਟੀਸ਼ਿਪ ਹੀ ਧਰਤੀ ਦੇ ਸੁਰੱਖਿਅਤ ਭਵਿੱਖ ਦਾ ਇੱਕੋ ਇੱਕ ਹੱਲ ਹੈ। ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਦੁਨੀਅਾ ਦਾ ਵਿਕਾਸ ਸੰਭਵ ਨਹੀਂ ਹੈ। ਸਾਨੂੰ ਆਪਣੇ ਜੀ-20 ਏਜੰਡੇ ’ਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਮੋਦੀ ਨੇ ਜੀ-20 ਸੰਮੇਲਨ ’ਚ 9 ਦੁਵੱਲੀਆਂ ਬੈਠਕਾਂ ਕੀਤੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਸਿੰਗਾਪੁਰ, ਫਰਾਂਸ, ਜਰਮਨੀ, ਇਟਲੀ, ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਦੇ ਨੇਤਾਵਾਂ ਨਾਲ ਵੱਖ-ਵੱਖ 9 ਦੁਵੱਲੀਆਂ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਗਲੋਬਲ, ਖੇਤਰੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ।

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨਾਲ ਮੁਲਾਕਾਤ ਵਿੱਚ ਮੋਦੀ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਬਾਰੇ ਚਰਚਾ ਕੀਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਰੱਖਿਆ, ਸਿਵਲ ਪਰਮਾਣੂ ਊਰਜਾ, ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਮੌਜੂਦਾ ਸਹਿਯੋਗ ਦੀ ਸਮੀਖਿਆ ਕੀਤੀ। ਜਰਮਨ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਟਰਾਂਸਪੋਰਟ, ਇਮੀਗ੍ਰੇਸ਼ਨ, ਵਿੱਤੀ ਅਤੇ ਰੱਖਿਆ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।

ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਵਧਾਉਣ ’ਤੇ ਚਰਚਾ ਕੀਤੀ। ਰੱਖਿਆ, ਵਪਾਰ, ਸਿੱਖਿਆ, ਸਵੱਛ ਊਰਜਾ ਅਤੇ ਲੋਕ-ਦਰ-ਲੋਕ ਸੰਪਰਕਾਂ ’ਤੇ ਆਸਟ੍ਰੇਲੀਅਨ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਸਹਿਯੋਗ ਦੀ ਸਮੀਖਿਆ ਕੀਤੀ।


Anuradha

Content Editor

Related News