ਪਾਕਿਸਤਾਨ ਨੂੰ ''ਅੱਤਵਾਦੀ ਦੇਸ਼'' ਐਲਾਨਣ ਵਾਲੀ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ

09/27/2016 5:14:31 PM

ਵਾਸ਼ਿੰਗਟਨ— ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ ਜਾਣ ਲਈ ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਾਈਟ ਹਾਊਸ ਦੀ ਅਧਿਕਾਰਤ ਵੈੱਬਸਾਈਟ ''ਤੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਦੀ ਪਾਈ ਗਈ ਪਟੀਸ਼ਨ ''ਤੇ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਹਸਤਾਖਰ ਕਰ ਦਿੱਤੇ ਹਨ ਅਤੇ ਇਸ ਨਾਲ ਇਹ ਪਟੀਸ਼ਨ ਵਾਈਟ ਹਾਊਸ ਦੀ ਵੈੱਬਸਾਈਟ ''ਤੇ ਤੀਜੀ ਸਭ ਤੋਂ ਲੋਕਪ੍ਰਿਯ ਪਟੀਸ਼ਨ ਬਣ ਗਈ ਹੈ। ਹੁਣ ਤੱਕ ਇਸ ਪਟੀਸ਼ਨ ''ਤੇ 1,10,000 ਲੋਕਾਂ ਨੇ ਹਸਤਾਖਰ ਕੀਤੇ ਹਨ। ਇਹ ਪਟੀਸ਼ਨ 21 ਸਤੰਬਰ ਨੂੰ ਸ਼ੁਰੂ ਕੀਤੀ ਗਈ ਸੀ। ਇਸ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਨੂੰ ਅੱਤਵਾਦ ਨੂੰ ਸਮਰਥਨ ਦੇਣ ਵਾਲਾ ਦੇਸ਼ ਐਲਾਨਿਆ ਜਾਵੇ। 
ਅਮਰੀਕੀ ਵਿਧਾਇਕਾਂ ਰੀਪਬਲਿਕਨ ਟੇਡ ਪੋਅ ਨੇ ਡੈਮੋਕ੍ਰੇਟਿਕ ਡਾਨਾ ਰੋਹਰਾਬੈਟਰ ਨੇ ਇਸ ਮਾਮਲੇ ਵਿਚ ਪਹਿਲੀ ਕੀਤੀ ਹੈ। ਪੋਅ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ, ਪਾਕਿਸਤਾਨ ਨੂੰ ਵਿੱਤੀ ਸਹਾਇਤਾ ਦੇਣਾ ਬੰਦ ਕਰੇ। ਵਾਈਟ ਹਾਊਸ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਅੱਤਵਾਦੀ ਦੇਸ਼ ਐਲਾਨਣ ਲਈ ਕਈ ਕਾਨੂੰਨੀ ਪਹਿਲੂਆਂ ਅਤੇ ਮੁਲਾਂਕਣਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਪਾਕਿਸਤਾਨ ਦੀ ਅੱਤਵਾਦ ਨਾਲ ਨਜਿੱਠਣ ਦੀ ਸਮਰੱਥਾ ਨੂੰ ਵਧਾਉਣਾ ਅਤੇ ਉਨ੍ਹਾਂ ਦੀ ਧਰਤੀ ''ਤੇ ਅੱਤਵਾਦ ਦੇ ਖਤਰੇ ਨਾਲ ਨਜਿੱਠਣ ''ਤੇ ਕੇਂਦਰਤਿ ਹੈ। 
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਹਿਲ ਦੇ ਤੌਰ ''ਤੇ ਵਾਈਟ ਹਾਊਸ ਦੀ ਵੈੱਬਸਾਈਟ ''ਤੇ ''ਵੀ ਦਿ ਪੀਪਲ'' ਆਨਲਾਈਨ ਪਟੀਸ਼ਨ ਅਮਰੀਕੀ ਨਾਗਰਿਕਾਂ ਨੂੰ ਇਕ ਮੰਚ ਪ੍ਰਦਾਨ ਕਰਦੀ ਹੈ, ਜਿਸ ਰਾਹੀਂ ਲੋਕ ਆਪਣੇ ਮੁੱਖ ਮੁੱਦਿਆਂ ਨੂੰ ਸਰਕਾਰ ਸਾਹਮਣੇ ਪੇਸ਼ ਕਰਦੇ ਹਨ।

Kulvinder Mahi

News Editor

Related News