ਆਸਟ੍ਰੇਲੀਆ 'ਚ ਭਾਰਤੀਆਂ ਦਾ ਦਬਦਬਾ! ਅੰਗਰੇਜ਼ਾਂ ਨੂੰ ਪਿੱਛੇ ਛੱਡ ਬਣੇ ਸਭ ਤੋਂ ਵੱਡਾ ਪ੍ਰਵਾਸੀ ਸਮੂਹ

Friday, May 01, 2026 - 05:25 PM (IST)

ਆਸਟ੍ਰੇਲੀਆ 'ਚ ਭਾਰਤੀਆਂ ਦਾ ਦਬਦਬਾ! ਅੰਗਰੇਜ਼ਾਂ ਨੂੰ ਪਿੱਛੇ ਛੱਡ ਬਣੇ ਸਭ ਤੋਂ ਵੱਡਾ ਪ੍ਰਵਾਸੀ ਸਮੂਹ

ਕੈਨਬਰਾ: ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤੀ ਮੂਲ ਦੇ ਲੋਕ ਹੁਣ ਆਸਟ੍ਰੇਲੀਆ ਵਿੱਚ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਬਣ ਗਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਇਸ ਸੂਚੀ ਵਿੱਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਅੰਗਰੇਜ਼ਾਂ (ਇੰਗਲੈਂਡ ਦੇ ਲੋਕਾਂ) ਨੂੰ ਪਿੱਛੇ ਛੱਡ ਦਿੱਤਾ ਹੈ।

ਭਾਰਤੀਆਂ ਦੀ ਗਿਣਤੀ 9.71 ਲੱਖ ਤੋਂ ਪਾਰ 

ਆਸਟ੍ਰੇਲੀਆਈ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਅੰਕੜਿਆਂ ਅਨੁਸਾਰ ਇਸ ਵੇਲੇ ਆਸਟ੍ਰੇਲੀਆ ਵਿੱਚ 9,71,020 ਲੋਕ ਅਜਿਹੇ ਹਨ ਜਿਨ੍ਹਾਂ ਦਾ ਜਨਮ ਭਾਰਤ ਵਿੱਚ ਹੋਇਆ ਹੈ, ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ 5.2 ਫੀਸਦੀ ਬਣਦਾ ਹੈ। ਦੂਜੇ ਪਾਸੇ, ਇੰਗਲੈਂਡ ਵਿੱਚ ਜਨਮੇ ਲੋਕਾਂ ਦੀ ਗਿਣਤੀ 9,70,950 ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2013 ਵਿੱਚ ਇੰਗਲੈਂਡ ਮੂਲ ਦੇ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਸੀ, ਜਿਸ ਵਿੱਚ ਹੁਣ ਗਿਰਾਵਟ ਦੇਖੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਹੁਣ ਗ਼ਰੀਬ ਵੀ ਹੋਣਗੇ ਅਮੀਰ! ਅਮਰੀਕੀ ਕਾਮਿਆਂ ਨੂੰ ਟਰੰਪ ਨੇ ਦਿੱਤਾ ਵੱਡਾ ਤੋਹਫ਼ਾ

ਸੂਚੀ ਵਿੱਚ ਭਾਰਤ ਅਤੇ ਇੰਗਲੈਂਡ ਤੋਂ ਬਾਅਦ ਤੀਜਾ ਸਥਾਨ ਚੀਨ ਦਾ ਹੈ, ਜਿਸਦੇ 7,32,000 ਲੋਕ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਚੌਥੇ ਨੰਬਰ 'ਤੇ ਨਿਊਜ਼ੀਲੈਂਡ ਹੈ, ਜਿਸਦੇ 6,38,000 ਨਾਗਰਿਕ ਉੱਥੇ ਵਸੇ ਹੋਏ ਹਨ। ਅੰਕੜਿਆਂ ਮੁਤਾਬਕ ਸਾਲ 2025 ਤੱਕ ਆਸਟ੍ਰੇਲੀਆ ਵਿੱਚ ਵਿਦੇਸ਼ਾਂ ਵਿੱਚ ਜਨਮੇ ਨਿਵਾਸੀਆਂ ਦੀ ਹਿੱਸੇਦਾਰੀ ਵਧ ਕੇ 32 ਫੀਸਦੀ ਹੋ ਗਈ ਹੈ।

ਅੰਕੜਿਆਂ ਅਨੁਸਾਰ, 1891 ਵਿੱਚ ਰਿਕਾਰਡਿੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਇੰਗਲੈਂਡ ਮੂਲ ਦੀ ਆਬਾਦੀ ਸਿਖਰਲੇ ਸਥਾਨ ਤੋਂ ਹੇਠਾਂ ਖਿਸਕ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਪਰਵਾਸ ਪੈਟਰਨ ਵਿੱਚ ਵੱਡੀਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਅਨੁਸਾਰ ਪਿਛਲੇ 10 ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਵਿੱਚ 5 ਲੱਖ ਤੋਂ ਵੱਧ ਵਾਧਾ ਹੋਇਆ ਹੈ। ਜਦਕਿ ਇੰਗਲੈਂਡ ਮੂਲ ਦੀ ਆਬਾਦੀ ਵਿੱਚ ਤੁਲਨਾਤਮਕ ਤੌਰ ‘ਤੇ ਸਥਿਰਤਾ ਅਤੇ ਉਮਰ ਵੱਧਣ ਕਾਰਨ ਘਟਾਓ ਦਰਜ ਕੀਤਾ ਗਿਆ ਹੈ। ABS ਅਨੁਸਾਰ ਕੋਵਿਡ ਤੋਂ ਬਾਅਦ ਵਿਦੇਸ਼ਾਂ ਵਿੱਚ ਜਨਮੇ ਨਿਵਾਸੀਆਂ ਦਾ ਹਿੱਸਾ ਹਰ ਸਾਲ ਲਗਾਤਾਰ ਵਧਿਆ ਹੈ, ਇਹ 2022 ਵਿਚ 29.5 ਫੀਸਦੀ ਤੋਂ ਵੱਧ ਕੇ 2025 ਵਿੱਚ 32 ਫੀਸਦੀ ਹੋ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ 'ਚ ਭਾਰਤੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਡੂੰਘੇ ਦੁੱਖ 'ਚ ਡੁੱਬਿਆ ਪਰਿਵਾਰ

ਪ੍ਰਵਾਸ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਆਰਥਿਕਤਾ ਦੇ ਵਿਕਾਸ ਦਾ ਇੱਕ ਮੁੱਖ ਆਧਾਰ ਰਿਹਾ ਹੈ, ਜਿਸ ਨੇ ਦੇਸ਼ ਨੂੰ 1990 ਦੇ ਦਹਾਕੇ ਤੋਂ ਮੰਦੀ ਤੋਂ ਬਚਣ ਵਿੱਚ ਮਦਦ ਕੀਤੀ ਹੈ। ਹਾਲਾਂਕਿ, ਹੁਣ ਇਹ ਇੱਕ ਭਖਦਾ ਰਾਜਨੀਤਿਕ ਮੁੱਦਾ ਬਣਦਾ ਜਾ ਰਿਹਾ ਹੈ। ਦੇਸ਼ ਵਿੱਚ ਰਿਹਾਇਸ਼ੀ ਸੰਕਟ ਕਾਰਨ ਪ੍ਰਵਾਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਪ੍ਰਵਾਸੀਆਂ ਦੀ ਵਧਦੀ ਗਿਣਤੀ ਕਾਰਨ ਉੱਥੋਂ ਦੀ ਪਾਪੁਲਿਸਟ 'ਵਨ ਨੇਸ਼ਨ' ਪਾਰਟੀ ਨੂੰ ਸਮਰਥਨ ਮਿਲ ਰਿਹਾ ਹੈ। ਪਾਰਟੀ ਦੀ ਆਗੂ ਪੌਲੀਨ ਹੈਨਸਨ, ਜੋ ਦਹਾਕਿਆਂ ਤੋਂ ਪ੍ਰਵਾਸ ਵਿਰੁੱਧ ਮੁਹਿੰਮ ਚਲਾ ਰਹੀ ਹੈ, ਦੀ ਪ੍ਰਸਿੱਧੀ ਵਿੱਚ ਪਿਛਲੀਆਂ ਚੋਣਾਂ ਤੋਂ ਬਾਅਦ ਉਛਾਲ ਦੇਖਿਆ ਗਿਆ ਹੈ। ਅਜਿਹੇ ਵਿੱਚ ਭਾਰਤੀਆਂ ਦਾ ਸਭ ਤੋਂ ਵੱਡਾ ਸਮੂਹ ਬਣਨਾ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News