‘ਭਾਰਤੀ ਜਾਸੂਸਾਂ’ ਨਾਲ ਜੁੜਿਆ ਮਾਮਲਾ, ਆਸਟ੍ਰੇਲੀਆ ਦੇ PM ਨੇ ਕਿਹਾ-ਕਵਾਡ ’ਚ ਉਠਾਵਾਂਗੇ ਜਾਸੂਸੀ ਦਾ ਮੁੱਦਾ
Saturday, Sep 21, 2024 - 11:09 AM (IST)
ਵਾਸ਼ਿੰਗਟਨ (ਏਜੰਸੀ) - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਹੈ ਕਿ ‘ਜਾਸੂਸਾਂ’ ਨੂੰ ਕੱਢਣ ਵਰਗੇ ਮੁੱਦੇ ‘ਨਿੱਜੀ ਤੌਰ’ ’ਤੇ ਉਠਾਏ ਜਾਂਦੇ ਹਨ। ਉਨ੍ਹਾਂ ਨੇ ਇਹ ਟਿੱਪਣੀ ਇਸ ਸਵਾਲ ’ਤੇ ਕੀਤੀ ਕਿ ਕੀ ‘ਕਵਾਡ’ ਸਿਖਰ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤੀ ਨਾਗਰਿਕਾਂ ਨਾਲ ਜੁੜੀ ਇਕ ਘਟਨਾ ’ਤੇ ਚਰਚਾ ਹੋਵੇਗੀ।
ਅਲਬਨੀਜ਼ ਡੇਲਵੇਅਰ ਵਿਚ ਸ਼ਨੀਵਾਰ ਨੂੰ ਭਾਰਤ, ਅਮਰੀਕਾ ਅਤੇ ਜਾਪਾਨ ਦੇ ਨੇਤਾਵਾਂ ਨਾਲ ਹੋਣ ਵਾਲੀ ਆਪਣੀ ਬੈਠਕ ਤੋਂ ਪਹਿਲਾਂ ਮੀਡੀਆ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਕਥਿਤ ਜਾਸੂਸੀ ਦੀ ਘਟਨਾ 2020 ਵਿਚ ਵਾਪਰੀ ਸੀ ਅਤੇ ਇਸ ਸਾਲ ਅਪ੍ਰੈਲ ਵਿਚ ਇਹ ਸਾਹਮਣੇ ਆਈ। ਅਲਬਨੀਜ਼ ਤੋਂ ਪੁੱਛਿਆ ਗਿਆ ਸੀ ਕਿ ਉਹ ਆਸਟ੍ਰੇਲੀਆ ਦੀ ਧਰਤੀ ’ਤੇ ਅਜਿਹੀ ਜਾਸੂਸੀ ਨੂੰ ਰੋਕਣ ਅਤੇ ਅਜਿਹਾ ਨਾ ਕਰਨ ਲਈ ਮੋਦੀ ਨੂੰ ਕੀ ਕਹਿਣਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਡਿਪਲੋਮੈਟਿਕ ਤੌਰ ’ਤੇ ਕੰਮ ਕਰਦਾ ਹਾਂ ਅਤੇ ਇਸ ਤਰ੍ਹਾਂ ਦੀ ਚਰਚਾ ਕਰਦਾ ਹਾਂ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਜਿਹਾ ਮੁੱਦਾ ਉਠਾਇਆ ਜਾਵੇਗਾ।