ਇੰਡੀਆ ਨੇ ਵਿਆਜ ਸਣੇ ਲਿਆ ਬਦਲਾ, 295 ਦੌੜਾਂ ਨਾਲ ਹਾਰਿਆ ਆਸਟ੍ਰੇਲੀਆ, ਟੁੱਟਿਆ 136 ਸਾਲ ਪੁਰਾਣਾ ਰਿਕਾਰਡ

Monday, Nov 25, 2024 - 03:13 PM (IST)

ਇੰਡੀਆ ਨੇ ਵਿਆਜ ਸਣੇ ਲਿਆ ਬਦਲਾ, 295 ਦੌੜਾਂ ਨਾਲ ਹਾਰਿਆ ਆਸਟ੍ਰੇਲੀਆ, ਟੁੱਟਿਆ 136 ਸਾਲ ਪੁਰਾਣਾ ਰਿਕਾਰਡ

ਸਪੋਰਟਸ ਡੈਸਕ : ਪਰਥ ਟੈਸਟ 'ਚ ਆਸਟ੍ਰੇਲੀਆ ਦੀ ਹਾਰ ਦੀ ਕਹਾਣੀ ਲਿਖੀ ਗਈ ਹੈ। ਟੀਮ ਇੰਡੀਆ ਨੇ ਪਰਥ 'ਚ ਸਭ ਦੀਆਂ ਉਮੀਦਾਂ ਤੋਂ ਵੱਧ ਕੇ ਇਹ ਚਮਤਕਾਰ ਕਰ ਦਿਖਾਇਆ ਹੈ। ਆਸਟ੍ਰੇਲੀਆ 'ਤੇ ਜਿੱਤ ਦੇ ਨਾਲ ਹੀ ਭਾਰਤ ਨੇ ਵਿਆਜ਼ ਸਣੇ ਆਪਣਾ ਬਦਲਾ ਵੀ ਲੈ ਲਿਆ। ਪਰਥ ਟੈਸਟ 'ਚ ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ, ਜੋ ਆਸਟ੍ਰੇਲੀਆ 'ਚ ਉਸਦੀ ਸਭ ਤੋਂ ਵੱਡੀ ਜਿੱਤ ਹੈ। 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਪਰਥ 'ਚ ਖੇਡਿਆ ਜਾ ਰਿਹਾ ਸੀ, ਜਿਸ ਨੂੰ ਜਿੱਤ ਕੇ ਟੀਮ ਇੰਡੀਆ ਨੇ 1-0 ਦੀ ਬੜ੍ਹਤ ਬਣਾ ਲਈ ਹੈ।

ਪਰਥ 'ਚ ਭਾਰਤ ਨੇ ਲਿਆ ਬਦਲਾ

ਭਾਰਤ ਨੇ ਪਰਥ ਟੈਸਟ ਜਿੱਤਣ ਲਈ ਆਸਟ੍ਰੇਲੀਆ ਨੂੰ 534 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਉਮੀਦ ਮੁਤਾਬਕ ਉਹ ਭਾਰਤ ਵੱਲੋਂ ਬਣਾਏ ਗਏ ਦੌੜਾਂ ਦੇ ਪਹਾੜ 'ਤੇ ਚੜ੍ਹਨ 'ਚ ਨਾਕਾਮ ਰਿਹਾ। ਇਸ ਵਿੱਚ ਭਾਰਤ ਦੀ ਤੇਜ਼ ਗੇਂਦਬਾਜ਼ੀ ਦੀ ਭੂਮਿਕਾ ਨਿਰਣਾਇਕ ਰਹੀ। ਕਪਤਾਨ ਬੁਮਰਾਹ ਦੀ ਅਗਵਾਈ 'ਚ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਦੋਵੇਂ ਪਾਰੀਆਂ 'ਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਪੜ੍ਹਣੇ ਪਾਈ ਰੱਖਿਆ। ਜਿਸ ਦਾ ਅਸਰ ਇਹ ਹੋਇਆ ਕਿ ਪਰਥ ਵਿੱਚ ਭਾਰਤ ਨੂੰ ਵੱਡੀ ਜਿੱਤ ਮਿਲੀ ਅਤੇ ਉਸਦਾ ਬਦਲਾ ਵੀ ਪੂਰਾ ਹੋ ਗਿਆ।

2018 ਵਿੱਚ ਮਿਲੀ ਹਾਰ, 2024 ਵਿੱਚ ਦੁੱਗਣੇ ਫਰਕ ਨਾਲ ਹਰਾਇਆ

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਬਦਲਾ ਲੈਣ ਵਾਲੀ ਗੱਲ ਕੀ ਹੈ? ਇਸ ਦੀਆਂ ਤਾਰਾਂ ਪਰਥ ਦੇ ਆਪਟਸ ਸਟੇਡੀਅਮ ਵਿੱਚ ਖੇਡੇ ਗਏ ਆਖਰੀ ਮੈਚ ਨਾਲ ਜੁੜੀਆਂ ਹੋਈਆਂ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਆਪਟਸ ਸਟੇਡੀਅਮ 'ਚ ਆਖਰੀ ਮੈਚ ਸਾਲ 2018 'ਚ ਖੇਡਿਆ ਗਿਆ ਸੀ, ਜੋ ਇਸ ਮੈਦਾਨ 'ਤੇ ਖੇਡਿਆ ਗਿਆ ਪਹਿਲਾ ਟੈਸਟ ਸੀ। ਆਸਟਰੇਲੀਆ ਨੇ ਉਸ ਟੈਸਟ ਮੈਚ ਵਿੱਚ ਭਾਰਤ ਨੂੰ 146 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।

6 ਸਾਲ ਬਾਅਦ ਪਰਥ ਦੇ ਆਪਟਸ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਫਿਰ ਤੋਂ ਆਹਮੋ-ਸਾਹਮਣੇ ਸਨ। ਇਸ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲੇ ਮੁਕਾਬਲੇ 'ਚ ਆਪਣੀ ਹਾਰ ਦੇ ਲਗਭਗ ਦੁੱਗਣੇ ਫਰਕ ਨਾਲ ਹਰਾ ਕੇ ਆਸਟ੍ਰੇਲੀਆ 'ਚ ਆਪਣੀ ਸਭ ਤੋਂ ਵੱਡੀ ਟੈਸਟ ਜਿੱਤ ਦੀ ਸਕ੍ਰਿਪਟ ਵੀ ਲਿਖੀ ਹੈ, ਇਹ ਹੀ ਨਹੀਂ ਪਰਥ ਸਟੇਡੀਅਮ 'ਚ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਅਜਿਹੀ ਪਹਿਲੀ ਟੀਮ ਵੀ ਬਣ ਗਈ ਹੈ।

136 ਸਾਲ ਦਾ ਰਿਕਾਰਡ ਟੁੱਟਿਆ, ਆਸਟ੍ਰੇਲੀਆ ਹਾਰਿਆ

ਹੁਣ ਆਸਟ੍ਰੇਲੀਆ ਦੇ ਸਾਹਮਣੇ ਪਰਥ ਟੈਸਟ 'ਚ 534 ਦੌੜਾਂ ਦਾ ਟੀਚਾ ਸੀ, ਜਿਸ ਦਾ ਪਿੱਛਾ ਕਰਦੇ ਹੋਏ ਉਸ ਨੇ ਸਿਰਫ 29 ਦੌੜਾਂ 'ਤੇ ਆਪਣੀਆਂ ਚੋਟੀ ਦੀਆਂ 4 ਵਿਕਟਾਂ ਗੁਆ ਦਿੱਤੀਆਂ। ਨਤੀਜਾ ਇਹ ਹੋਇਆ ਕਿ ਇਹ 136 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਇਸ ਤੋਂ ਪਹਿਲਾਂ ਸਾਲ 1888 'ਚ ਮਾਨਚੈਸਟਰ 'ਚ ਖੇਡੇ ਗਏ ਟੈਸਟ 'ਚ ਆਸਟ੍ਰੇਲੀਆ ਦੇ ਚਾਰ ਚੋਟੀ ਦੇ ਬੱਲੇਬਾਜ਼ 38 ਦੌੜਾਂ 'ਤੇ ਆਊਟ ਹੋ ਗਏ ਸਨ।

ਭਾਰਤੀ ਗੇਂਦਬਾਜ਼ਾਂ ਦੇ ਕਹਿਰ ਕਾਰਨ ਆਸਟ੍ਰੇਲੀਆ 238 ਦੌੜਾਂ 'ਤੇ ਢੇਰ

ਦੂਜੀ ਪਾਰੀ ਵਿੱਚ ਟ੍ਰੈਵਿਸ ਹੈੱਡ ਨੇ ਆਸਟਰੇਲੀਆ ਲਈ ਸਭ ਤੋਂ ਵੱਧ 89 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮਿਸ਼ੇਲ ਮਾਰਸ਼ ਨੇ 47 ਦੌੜਾਂ ਦੀ ਪਾਰੀ ਖੇਡੀ। ਪਰ ਟੀਮ ਇੰਡੀਆ ਨੇ ਆਸਟ੍ਰੇਲੀਆ ਦੇ ਸਾਹਮਣੇ ਜੋ ਸਕੋਰ ਖੜ੍ਹਾ ਕੀਤਾ ਸੀ, ਉਸ ਪਹਾੜ 'ਤੇ ਚੜ੍ਹਨ ਲਈ ਇਹ ਕਾਫੀ ਨਹੀਂ ਸੀ। ਭਾਰਤੀ ਗੇਂਦਬਾਜ਼ਾਂ ਦੇ ਕਹਿਰ ਦੇ ਬਾਵਜੂਦ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਸਿਰਫ਼ 238 ਦੌੜਾਂ ਹੀ ਬਣਾਈਆਂ। ਭਾਰਤ ਲਈ ਬੁਮਰਾਹ ਨੇ 8 ਵਿਕਟਾਂ ਲਈਆਂ। ਸਿਰਾਜ ਨੇ 5 ਵਿਕਟਾਂ ਜਦਕਿ ਰਾਣਾ ਨੇ 4 ਵਿਕਟਾਂ ਲਈਆਂ।


author

DILSHER

Content Editor

Related News