UNSC ਦੀ ਬਹਿਸ 'ਚ ਅੱਤਵਾਦ ਨੂੰ ਲੈ ਕੇ ਭਾਰਤ ਨੇ ਪਾਕਿ ਦੀ ਕੀਤੀ ਖਿਚਾਈ

08/08/2020 5:56:50 PM

ਨਿਊਯਾਰਕ— ਸਰਹੱਦ ਪਾਰੋਂ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਇਕ ਜ਼ੋਰਦਾਰ ਹਮਲਾ ਕਰਦਿਆਂ ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1993 ਦੇ ਮੁੰਬਈ ਧਮਾਕਿਆਂ ਦਾ ਦੋਸ਼ੀ ਗੁਆਂਢੀ ਦੇਸ਼ 'ਚ ਸਰਪ੍ਰਸਤੀ 'ਚ ਰਹਿ ਰਿਹਾ ਹੈ। ਭਾਰਤ ਨੇ ਕਿਹਾ ਕਿ ਸਾਡਾ ਗੁਆਂਢੀ ਸੰਯੁਕਤ ਰਾਸ਼ਟਰ ਵੱਲੋਂ ਗੈਰਕਾਨੂੰਨੀ ਕਰਾਰ ਦਿੱਤੇ ਗਏ ਅੱਤਵਾਦੀ ਤੇ ਅੱਤਵਾਦੀ ਸੰਸਥਾਨਾਂ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦਾ ਹੱਬ ਬਣ ਗਿਆ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਉੱਚ ਪੱਧਰੀ ਖੁੱਲ੍ਹੀ ਬਹਿਸ 'ਚ ਹਿੱਸਾ ਲੈਂਦਿਆਂ ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਵਰਗੀਆਂ ਸੰਸਥਾਵਾਂ ਨਾਲ ਆਪਣਾ ਤਾਲਮੇਲ ਵਧਾਉਣ ਦੀ ਜ਼ਰੂਰਤ ਹੈ, ਜੋ ਪੈਸੇ ਦੇ ਧੋਖਾਧੜੀ ਨੂੰ ਰੋਕਣ ਤੇ ਇਸ ਦਾ ਮੁਕਾਬਲਾ ਕਰਨ ਲਈ ਵਿਸ਼ਵ ਪੱਧਰ 'ਤੇ ਮੱਹਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ।
 

ਕਿਸੇ ਵੀ ਰੂਪ 'ਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਅੱਤਵਾਦ
ਭਾਰਤ ਨੇ ਇਸਲਾਮਿਕ ਸਟੇਟ ਖਿਲਾਫ ਸਮੂਹਿਕ ਕਾਰਵਾਈ ਦੀ ਸਫਲਤਾ' ਦੀ ਉਦਾਹਰਣ ਦਿੱਤੀ ਅਤੇ ਕਿਹਾ ਕਿ ਇਹ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਕੌਮਾਂਤਰੀ ਭਾਈਚਾਰੇ ਵੱਲੋਂ ਧਿਆਨ ਕੇਂਦਰਿਤ ਕੀਤੇ ਜਾਣ ਨਾਲ ਨਤੀਜੇ ਮਿਲਦੇ ਹਨ। ਭਾਰਤ ਨੇ ਕਿਹਾ ਕਿ ਦਾਊਦ ਇਬਰਾਹਿਮ ਅਤੇ ਉਸ ਦੀ ਡੀ-ਕੰਪਨੀ, ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਵਿਅਕਤੀਆਂ ਅਤੇ ਸੰਗਠਨਾਂ ਵੱਲੋਂ ਪੈਦਾ ਹੋਏ ਖ਼ਤਰਿਆਂ ਪ੍ਰਤੀ ਵੀ ਅਜਿਹਾ ਧਿਆਨ ਕਰਨ ਦੀ ਜ਼ਰੂਰਤ ਹੈ। ਇਸ ਨਾਲ ਮਨੁੱਖਤਾ ਦਾ ਫਾਇਦਾ ਹੋਵੇਗਾ।

ਪਾਕਿਸਤਾਨ 'ਤੇ ਇਕ ਹੋਰ ਨਿਸ਼ਾਨਾ ਵਿੰਨ੍ਹਦੇ ਹੋਏ ਭਾਰਤ ਨੇ ਬਿਆਨ 'ਚ ਕਿਹਾ, “ਉਨ੍ਹਾਂ ਦੇਸ਼ਾਂ ਨੂੰ ਅਜਿਹੀਆਂ ਗਤੀਵਿਧੀਆਂ ਲਈ ਜਵਾਬਦੇਹ ਬਣਾਉਣਾ ਜ਼ਰੂਰੀ ਹੈ ਜੋ ਆਪਣੇ ਨਿਯੰਤਰਣ ਵਾਲੇ ਇਲਾਕੇ ਤੋਂ ਅੱਤਵਾਦ ਦਾ ਸਮਰਥਨ ਕਰਦੇ ਹਨ ਜਾਂ ਉਤਸ਼ਾਹਤ ਕਰਦੇ ਹਨ।'' ਭਾਰਤ ਨੇ ਕਿਹਾ ਕਿ ਅੱਤਵਾਦ ਸਭ ਤੋਂ ਗੰਭੀਰ ਖਤਰਾ ਹੈ, ਜਿਸ ਦਾ ਮਨੁੱਖਜਾਤੀ ਅੱਜ ਸਾਹਮਣਾ ਕਰ ਰਹੀ ਹੈ ਤੇ ਇਹ ਦੇਸ਼ਾਂ ਅਤੇ ਖੇਤਰਾਂ ਵਿਚਕਾਰ ਫਰਕ ਨਹੀਂ ਕਰਦਾ। ਅੱਤਵਾਦ ਨੂੰ ਕਿਸੇ ਵੀ ਰੂਪ 'ਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਨੇ ਕਿਹਾ ਕਿ ਅੱਤਵਾਦ ਨੂੰ ਰੋਕਣਾ ਮੈਂਬਰ ਦੇਸ਼ਾਂ ਦੀ ਪਹਿਲੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਸ਼ਹਿ ਦੇਣ ਵਾਲਿਆਂ ਦੀ ਆਰਥਿਕ ਮਦਦ ਬੰਦ ਹੋਣੀ ਚਾਹੀਦੀ ਹੈ।


Sanjeev

Content Editor

Related News