India-Canada ਤਣਾਅ : ਵੀਜ਼ਾ ਹਾਸਲ ਕਰਨ 'ਚ ਲੱਗ ਰਿਹੈ ਜ਼ਿਆਦਾ ਸਮਾਂ

Thursday, Oct 17, 2024 - 12:56 PM (IST)

India-Canada ਤਣਾਅ : ਵੀਜ਼ਾ ਹਾਸਲ ਕਰਨ 'ਚ ਲੱਗ ਰਿਹੈ ਜ਼ਿਆਦਾ ਸਮਾਂ

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਕੈਨੇਡਾ ਵਿਚਾਲੇ ਹਾਲ ਹੀ ਵਿਚ ਪੈਦਾ ਹੋਇਆ ਤਣਾਅ ਇਕ ਵਾਰ ਫਿਰ ਸਿਖਰ 'ਤੇ ਹੈ।ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦਾ ਅਸਰ ਆਮ ਲੋਕਾਂ 'ਤੇ ਵੀ ਪੈ ਰਿਹਾ ਹੈ। ਬਹੁਤ ਸਾਰੇ ਭਾਰਤੀ ਇਮੀਗ੍ਰੇਸ਼ਨ, ਕੰਮ ਅਤੇ ਵਿਦਿਆਰਥੀ ਵੀਜ਼ਾ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਵਿੱਚ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਤਾਜ਼ਾ ਕੂਟਨੀਤਕ ਵਿਵਾਦ ਸਿੱਧੇ ਤੌਰ 'ਤੇ ਵੀਜ਼ਾ ਨੀਤੀ ਨੂੰ ਪ੍ਰਭਾਵਿਤ ਨਹੀਂ ਕਰੇਗਾ। ਸਰਕਲ ਆਫ ਕਾਉਂਸਲ ਦੇ ਪਾਰਟਨਰ ਰੱਸਲ ਏ ਸਟੈਮੇਟਸ ਨੇ ਕਿਹਾ, 'ਇਹ ਸਮਝਣਾ ਮਹੱਤਵਪੂਰਨ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਅੜਿੱਕੇ ਦਾ ਇਮੀਗ੍ਰੇਸ਼ਨ ਮੁੱਦੇ 'ਤੇ ਕੋਈ ਅਸਰ ਨਹੀਂ ਪਵੇਗਾ। ਭੂ-ਰਾਜਨੀਤਿਕ ਮਾਮਲਿਆਂ ਵਿੱਚ ਕੈਨੇਡਾ ਅਜਿਹੇ ਮੁੱਦਿਆਂ ਨੂੰ ਵੱਖਰਾ ਰੱਖਦਾ ਹੈ। ਫਿਰ ਵੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿਚ ਵੀਜ਼ਾ ਹਾਸਲ ਕਰਨ ਸਬੰਧੀ ਦੇਰੀ ਹੋ ਸਕਦੀ ਹੈ।

ਕੈਨੇਡਾ ਵਿਚ ਲੱਖਾਂ ਭਾਰਤੀ

ਕੈਨੇਡਾ ਵਿੱਚ ਲੱਖਾਂ ਭਾਰਤੀ ਨਾਗਰਿਕ ਰਹਿ ਰਹੇ ਹਨ, ਜੋ ਵੱਖ-ਵੱਖ ਕੰਮਾਂ ਰਾਹੀਂ ਇੱਥੋਂ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ। ਭਾਰਤੀਆਂ ਨੂੰ ਕੈਨੇਡਾ ਦਾ ਮਾਹੌਲ ਆਪਣੇ ਘਰ ਵਰਗਾ ਹੀ ਲੱਗਦਾ ਹੈ। ਇਹੀ ਕਾਰਨ ਹੈ ਕਿ ਵਿਦਿਆਰਥੀ ਪੜ੍ਹਾਈ ਲਈ ਦੂਜੇ ਦੇਸ਼ਾਂ ਦੀ ਬਜਾਏ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਇੱਥੇ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਮੋੜ 'ਤੇ ਉਹ ਆਪਣੇ ਦੇਸ਼ ਦਾ ਕੋਈ ਨਾ ਕੋਈ ਵਿਅਕਤੀ ਮਿਲ ਜਾਂਦਾ ਹੈ।

ਵਿਵਾਦ ਦਾ ਭਾਰਤੀਆਂ 'ਤੇ ਪ੍ਰਭਾਵ

ਹਾਲਾਂਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੋਈ ਅਧਿਕਾਰਤ ਤਬਦੀਲੀ ਨਹੀਂ ਕੀਤੀ ਗਈ ਹੈ, ਪਰ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਵਿੱਚ ਕਮੀ ਕਾਰਨ ਵੀਜ਼ਾ ਕੇਸਾਂ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਦੇਰੀ ਹੋ ਰਹੀ ਹੈ। ਇਮੀਗ੍ਰੇਸ਼ਨ ਸਲਾਹਕਾਰ ਅਤੇ ਅਭਿਨਵ ਇਮੀਗ੍ਰੇਸ਼ਨ ਸਰਵਿਸਿਜ਼ ਦੇ ਸੰਸਥਾਪਕ ਅਜੈ ਸ਼ਰਮਾ ਦਾ ਕਹਿਣਾ ਹੈ, 'ਇਸ ਦੇਰੀ ਨਾਲ ਕੈਨੇਡੀਅਨ ਅਧਿਕਾਰੀਆਂ ਨੂੰ ਵੀਜ਼ਾ ਮਾਮਲਿਆਂ ਨਾਲ ਨਜਿੱਠਣ ਵਿਚ ਸ਼ਾਇਦ ਰਾਹਤ ਮਿਲੀ ਹੋਵੇ, ਪਰ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਭਾਰਤੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।' ਜੇਕਰ ਇਹ ਸਥਿਤੀ ਬਣੀ ਰਹੀ ਤਾਂ ਇਸ ਦਾ ਅਸਰ ਵਿਜ਼ਟਰ ਅਤੇ ਵਰਕ ਵੀਜ਼ਾ ਦੋਵਾਂ 'ਤੇ ਪਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- India ਦੁਆਰਾ ਚੁੱਕੇ ਗੰਭੀਰ ਮੁੱਦਿਆਂ 'ਤੇ Trudeau ਦਾ ਤਾਜ਼ਾ ਬਿਆਨ

ਕੰਮ ਵਾਲੀ ਥਾਂ 'ਤੇ ਵਿਵਹਾਰ

ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕੰਮ ਵਾਲੀ ਥਾਂ 'ਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਹੋਰ ਸਮੱਸਿਆਵਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਵਨਸਟੈਪ ਗਲੋਬਲ ਦੇ ਸੰਸਥਾਪਕ ਅਤੇ ਨਿਰਦੇਸ਼ਕ ਅਰਿਤ੍ਰਾ ਘੋਸ਼ਾਲ ਦੇ ਅਨੁਸਾਰ, 'ਕੈਨੇਡਾ ਵਿੱਚ ਕੰਮ ਕਰਨ ਵਾਲੀਆਂ ਬਹੁ-ਰਾਸ਼ਟਰੀ ਕੰਪਨੀਆਂ ਵਿਭਿੰਨਤਾ ਅਤੇ ਸ਼ਮੂਲੀਅਤ ਦੇ ਮਾਹੌਲ ਨੂੰ ਬਣਾਈ ਰੱਖਣ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਸ ਲਈ ਉਥੇ ਵਾਤਾਵਰਣ ਪ੍ਰਭਾਵਿਤ ਹੋਣ ਦਾ ਕੋਈ ਖਤਰਾ ਨਹੀਂ ਹੈ ਪਰ ਛੋਟੇ ਕਾਰੋਬਾਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਵਿਦਿਆਰਥੀਆਂ 'ਤੇ ਪ੍ਰਭਾਵ

ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਬਦਲਦੇ ਹਾਲਾਤ ਨੂੰ ਲੈ ਕੇ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀ ਮੌਜੂਦਾ ਸਥਿਤੀ 'ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ।ਕੈਨੇਡੀਅਨ ਯੂਨੀਵਰਸਿਟੀਆਂ ਮੁਸ਼ਕਲ ਸਮਿਆਂ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਨੂੰ ਇੱਥੇ ਪੜ੍ਹਨ ਵਿੱਚ ਮਦਦ ਕਰਨ ਲਈ ਜਾਣੀਆਂ ਜਾਂਦੀਆਂ ਹਨ। ਕਰੀਅਰ ਮੋਜ਼ੇਕ ਦੇ ਸੰਸਥਾਪਕ ਅਤੇ ਨਿਰਦੇਸ਼ਕ ਅਭਿਜੀਤ ਜ਼ਵੇਰੀ ਦੱਸਦੇ ਹਨ,"ਕੈਨੇਡੀਅਨ ਸੰਸਥਾਵਾਂ ਕੋਲ ਵਿਦੇਸ਼ੀ ਵਿਦਿਆਰਥੀਆਂ ਨੂੰ ਸੰਭਾਲਣ ਲਈ ਇੱਕ ਮਜ਼ਬੂਤ ​​ਬੁਨਿਆਦੀ ਢਾਂਚਾ ਹੈ।"  ਸ਼ਰਮਾ ਦਾ ਕਹਿਣਾ ਹੈ, 'ਵਿਵਾਦ ਕਾਰਨ ਪੈਦਾ ਹੋਏ ਹਾਲਾਤ 'ਚ ਵੀਜ਼ਾ ਮਿਲਣ 'ਚ ਦੇਰੀ ਦਾ ਅਸਰ ਉਨ੍ਹਾਂ ਵਿਦਿਆਰਥੀਆਂ 'ਤੇ ਪੈ ਸਕਦਾ ਹੈ, ਜਿਨ੍ਹਾਂ ਨੇ ਅਜੇ ਉੱਥੇ ਆਪਣੀ ਪੜ੍ਹਾਈ ਸ਼ੁਰੂ ਨਹੀਂ ਕੀਤੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੇ ਕੋਰਸ 'ਚ ਦੇਰੀ ਹੋਵੇਗੀ। ਨਾਲ ਹੀ ਅਜਿਹੇ ਲੋਕ ਪਰੇਸ਼ਾਨ ਹੋਣਗੇ ਜੋ ਕੈਨੇਡਾ ਵਿਚ ਪੜ੍ਹ ਰਹੇ ਆਪਣੇ ਬੱਚਿਆਂ ਨੂੰ ਮਿਲਣ ਲਈ ਜਾਣਾ ਚਾਹੁੰਦੇ ਹਨ।

ਕੈਨੇਡਾ ਜਾਣ ਵਾਲਿਆਂ ਦੀ ਗਿਣਤੀ 'ਤੇ ਅਸਰ

ਸਾਲ 2022 ਵਿੱਚ ਵਿਦੇਸ਼ੀ ਵਿਦਿਆਰਥੀਆਂ ਨੇ ਕੈਨੇਡੀਅਨ ਆਰਥਿਕਤਾ ਵਿੱਚ ਲਗਭਗ 37.3 ਬਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਸੀ। ਉੱਥੇ ਹੁਨਰਮੰਦ ਕਾਮਿਆਂ ਦੀ ਬਹੁਤ ਲੋੜ ਹੈ, ਜਿਸ ਨੂੰ ਇਹ ਵਿਦੇਸ਼ੀ ਵਿਦਿਆਰਥੀਆਂ ਰਾਹੀਂ ਪੂਰਾ ਕਰਦਾ ਹੈ। ਕੈਨੇਡਾ ਸਥਿਤ ਇਮੀਗ੍ਰੇਸ਼ਨ ਵਿਸ਼ਲੇਸ਼ਕ ਦਰਸ਼ਨ ਮਹਾਰਾਜ ਦਾ ਕਹਿਣਾ ਹੈ, 'ਤਾਜ਼ਾ ਵਿਵਾਦ ਬਹੁਤ ਲੰਬੇ ਸਮੇਂ ਲਈ ਇਮੀਗ੍ਰੇਸ਼ਨ ਨੂੰ ਪ੍ਰਭਾਵਿਤ ਨਹੀਂ ਕਰੇਗਾ। ਚੰਗੇ ਸਬੰਧਾਂ ਦਾ ਦੋਵਾਂ ਦੇਸ਼ਾਂ ਨੂੰ ਫ਼ਾਇਦਾ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News