H-1B ਵੀਜ਼ਾ ਵਿਵਾਦ 'ਤੇ Trump ਦਾ ਵੱਡਾ ਬਿਆਨ, ਜਾਣੋ ਭਾਰਤੀਆਂ 'ਤੇ ਅਸਰ
Thursday, Jan 02, 2025 - 10:22 AM (IST)
ਵਾਸ਼ਿੰਗਟਨ— ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਦੇ ਖਾਸ ਕਾਰੋਬਾਰਾਂ 'ਚ ਭਾਰਤੀਆਂ ਸਮੇਤ ਵਿਦੇਸ਼ੀ ਪ੍ਰਵਾਸੀਆਂ ਦੀਆਂ ਨੌਕਰੀਆਂ ਲਈ ਜ਼ਰੂਰੀ ਐੱਚ-1ਬੀ ਵੀਜ਼ਾ ਦੇ ਮੁੱਦੇ 'ਤੇ ਇਕ ਵਾਰ ਫਿਰ ਆਪਣਾ ਰੁਖ ਸਪੱਸ਼ਟ ਕੀਤਾ ਹੈ। ਨਵੇਂ ਸਾਲ ਦੀ ਪੂਰਵ ਸੰਧਿਆ 2025 'ਤੇ ਆਪਣੇ ਮਾਰ-ਲਾਗੋ ਰਿਜ਼ੋਰਟ 'ਤੇ ਬੋਲਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਆਪਣਾ ਰੁਖ ਨਹੀਂ ਬਦਲਿਆ ਹੈ। ਹੁਨਰਮੰਦ ਕਾਮਿਆਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਸਮਾਰਟ ਲੋਕਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਵੀ ਉਹ ਇਸ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਜ਼ਾਹਰ ਕਰ ਚੁੱਕੇ ਹਨ। ਉਨ੍ਹਾਂ ਇਸ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ।
H-1B ਵੀਜ਼ਾ ਬਾਰੇ ਟਰੰਪ ਨੇ ਕਹੀ ਇਹ ਗੱਲ
ਟਰੰਪ ਨੇ ਕਿਹਾ, ''ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਸਾਡੇ ਦੇਸ਼ 'ਚ ਸਭ ਤੋਂ ਕਾਬਲ ਲੋਕ ਹੋਣੇ ਚਾਹੀਦੇ ਹਨ। ਸਾਨੂੰ ਕਾਬਲ ਲੋਕਾਂ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਵਿੱਚ ਸਾਨੂੰ ਸਮਾਰਟ ਲੋਕਾਂ ਦੀ ਲੋੜ ਹੈ। ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਹੈ। ਸਾਡੇ ਕੋਲ ਅਜਿਹੀਆਂ ਨੌਕਰੀਆਂ ਹੋਣਗੀਆਂ ਜੋ ਪਹਿਲਾਂ ਕਦੇ ਨਹੀਂ ਸਨ।
ਪੜ੍ਹੋ ਇਹ ਅਹਿਮ ਖ਼ਬਰ-ਸੰਕਟ 'ਚ Trudeau! ਤਾਜ਼ਾ ਸਰਵੇਖਣ 'ਚ ਹੈਰਾਨੀਜਨਕ ਖੁਲਾਸਾ
ਐੱਚ-1ਬੀ ਵੀਜ਼ਾ ਵਿਵਾਦ
ਹਾਲਾਂਕਿ ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੀ ਤੁਲਨਾ ਵਿੱਚ H-1B ਵੀਜ਼ਾ ਪ੍ਰੋਗਰਾਮ 'ਤੇ ਉਨ੍ਹਾਂ ਦਾ ਰੁਖ ਬਦਲਿਆ ਜਾਪਦਾ ਹੈ। ਇਹ ਉਦੋਂ ਹੈ ਜਦੋਂ ਮੈਗਾ (ਮੇਕ ਅਮਰੀਕਾ ਗ੍ਰੇਟ ਅਗੇਨ) ਕੈਂਪ ਦੇ ਕੁਝ ਦਿੱਗਜ ਸਮਰਥਕਾਂ ਨੇ ਇਸ ਵੀਜ਼ੇ 'ਤੇ ਇਤਰਾਜ਼ ਉਠਾਇਆ ਹੈ। ਕਈ ਟਰੰਪ ਸਮਰਥਕ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਅਮਰੀਕੀ ਨੌਕਰੀਆਂ ਲਈ ਖ਼ਤਰਾ ਮੰਨਦੇ ਹਨ। ਅਮਰੀਕਾ 'ਚ ਇਮੀਗ੍ਰੇਸ਼ਨ ਮੁੱਦਿਆਂ 'ਤੇ ਚੱਲ ਰਹੀ ਬਹਿਸ ਵਿਚਕਾਰ ਟਰੰਪ ਦੇ ਕਈ ਸਮਰਥਕ H-1B ਵੀਜ਼ਾ ਪ੍ਰੋਗਰਾਮ ਨੂੰ ਖ਼ਤਮ ਕਰਨ 'ਤੇ ਜ਼ੋਰ ਦੇ ਰਹੇ ਹਨ। ਇਹ ਮਾਮਲਾ ਉਦੋਂ ਗਰਮਾ ਗਿਆ ਜਦੋਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਭਾਰਤੀ-ਅਮਰੀਕੀ ਉਦਯੋਗਪਤੀ ਸ਼੍ਰੀਰਾਮ ਕ੍ਰਿਸ਼ਨਨ ਨੂੰ ਆਪਣੇ ਪ੍ਰਸ਼ਾਸਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਲਾਹਕਾਰ ਵਜੋਂ ਚੁਣਿਆ। ਦੱਖਣਪੰਥੀ ਪ੍ਰਭਾਵਕ ਲੌਰਾ ਲੂਮਰ ਨੇ ਸ਼੍ਰੀਰਾਮ ਕ੍ਰਿਸ਼ਨਨ ਦੀ ਨਿਯੁਕਤੀ ਦੀ ਐਨ ਕੂਲਟਰ ਅਤੇ ਸਾਬਕਾ ਅਮਰੀਕੀ ਕਾਂਗਰਸ ਮੈਂਬਰ ਮੈਟ ਗੇਟਜ਼ ਵਰਗੇ ਸੱਜੇ-ਪੱਖੀ ਵਿਚਾਰਧਾਰਕਾਂ ਦੇ ਨਾਲ ਆਲੋਚਨਾ ਕੀਤੀ। ਲੌਰਾ ਲੂਮਰ ਨੇ ਤਕਨੀਕੀ ਅਰਬਪਤੀਆਂ ਐਲੋਨ ਮਸਕ ਅਤੇ ਰਾਮਾਸਵਾਮੀ 'ਤੇ ਅਮਰੀਕੀ ਮਜ਼ਦੂਰ ਹਿੱਤਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਉੱਧਰ ਵਿਵੇਕ ਰਾਮਾਸਵਾਮੀ ਨੇ ਉੱਚ ਹੁਨਰਮੰਦ ਵਿਅਕਤੀਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਵਕਾਲਤ ਕੀਤੀ ਹੈ, ਜਦੋਂ ਕਿ ਐਲੋਨ ਮਸਕ ਨੇ ਇਸ ਵੀਜ਼ੇ ਦਾ ਸਮਰਥਨ ਕੀਤਾ ਹੈ ਪਰ ਇਸ ਦੇ ਸਿਸਟਮ ਨੂੰ 'ਟੁੱਟਿਆ ਹੋਇਆ' ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਵਿੱਚ ਵੱਡੇ ਬਦਲਾਅ ਦੀ ਲੋੜ ਜ਼ਾਹਰ ਕੀਤੀ ਹੈ।
ਟਰੰਪ ਦੇ ਬਿਆਨ ਦਾ ਭਾਰਤੀਆਂ 'ਤੇ ਅਸਰ
H-1B ਵੀਜ਼ਾ ਇੱਕ ਵਿਸ਼ੇਸ਼ ਕਿਸਮ ਦਾ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਮੁੱਖ ਤੌਰ 'ਤੇ ਤਕਨੀਕੀ ਖੇਤਰਾਂ, ਜਿਵੇਂ ਕਿ ਆਈ.ਟੀ., ਇੰਜੀਨੀਅਰਿੰਗ ਅਤੇ ਸਿਹਤ ਸੇਵਾਵਾਂ ਵਿੱਚ ਵਰਤਿਆ ਜਾਂਦਾ ਹੈ। ਐਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ ਲਈ ਇੱਕ ਮਹੱਤਵਪੂਰਨ ਮੌਕਾ ਹੈ, ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਇਸ ਵੀਜ਼ੇ ਰਾਹੀਂ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਅਪਲਾਈ ਕਰਦੇ ਹਨ। ਰਿਪੋਰਟਾਂ ਮੁਤਾਬਕ ਐੱਚ-1ਬੀ ਵੀਜ਼ਾ ਧਾਰਕਾਂ 'ਚ ਭਾਰਤੀ ਪੇਸ਼ੇਵਰਾਂ ਦੀ ਵੀ ਅਹਿਮ ਹਿੱਸੇਦਾਰੀ ਹੈ। 2023 ਵਿੱਚ ਜਾਰੀ ਕੀਤੇ ਗਏ ਸਾਰੇ H-1B ਵੀਜ਼ਾ ਵਿੱਚੋਂ 72.3 ਪ੍ਰਤੀਸ਼ਤ ਭਾਰਤੀ ਨਾਗਰਿਕਾਂ ਲਈ ਸਨ। ਇਸ ਲਈ ਐੱਚ-1ਬੀ ਵੀਜ਼ਾ 'ਤੇ ਡੋਨਾਲਡ ਟਰੰਪ ਦਾ ਇਹ ਬਿਆਨ ਭਾਰਤੀਆਂ ਲਈ ਰਾਹਤ ਵਾਲਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।