Canada 'ਚ ਪੰਜਾਬੀ ਵਿਦਿਆਰਥੀਆਂ ਦਾ ਪ੍ਰਦਰਸ਼ਨ ਤੇਜ਼, ਸਤਾ ਰਿਹੈ ਇਹ ਡਰ

Friday, Oct 11, 2024 - 01:44 PM (IST)

Canada 'ਚ ਪੰਜਾਬੀ ਵਿਦਿਆਰਥੀਆਂ ਦਾ ਪ੍ਰਦਰਸ਼ਨ ਤੇਜ਼, ਸਤਾ ਰਿਹੈ ਇਹ ਡਰ

ਟੋਰਾਂਟੋ- ਕੈਨੇਡਾ 'ਚ ਸੈਂਕੜੇ ਪੰਜਾਬੀ ਵਿਦਿਆਰਥੀ ਦੇਸ਼ ਨਿਕਾਲੇ ਦੇ ਡਰ ਤੋਂ ਸਰਕਾਰ ਦੇ ਇਕ ਫ਼ੈਸਲੇ ਖ਼ਿਲਾਫ਼ ਸੜਕਾਂ 'ਤੇ ਉਤਰ ਆਏ ਹਨ, ਜਿਸ ਮੁਤਾਬਕ ਸਰਕਾਰ ਗੈਰ ਪ੍ਰਵਾਸੀ ਕਾਮਿਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਉੱਜਵਲ ਭਵਿੱਖ ਦੀ ਉਮੀਦ ਲੈ ਕੇ ਆਏ ਇਹ ਵਿਦਿਆਰਥੀ ਹੁਣ ਸੜਕਾਂ 'ਤੇ ਆ ਕੇ ਆਪਣਾ ਦਰਦ ਬਿਆਨ ਕਰ ਰਹੇ ਹਨ। ਨਵੀਂ ਨੀਤੀ ਜੋ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਅਤੇ ਹੋਰ ਰੁਜ਼ਗਾਰ-ਸਬੰਧਤ ਇਮੀਗ੍ਰੇਸ਼ਨ ਰੂਟਾਂ ਲਈ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ, ਨੇ ਖਾਸ ਤੌਰ 'ਤੇ ਪੰਜਾਬੀ ਵਿਦਿਆਰਥੀ ਭਾਈਚਾਰੇ ਵਿੱਚ ਗੁੱਸਾ ਪੈਦਾ ਕੀਤਾ ਹੈ, ਜਿਨ੍ਹਾਂ ਨੂੰ ਡਰ ਹੈ ਕਿ ਕੈਨੇਡਾ ਵਿੱਚ ਉਨ੍ਹਾਂ ਦਾ ਭਵਿੱਖ ਧੁੰਦਲਾ ਹੈ। 

ਸਰਕਾਰ ਦੀਆਂ ਨੀਤੀਗਤ ਤਬਦੀਲੀਆਂ ਦਾ ਇਨ੍ਹਾਂ ਵਿਦਿਆਰਥੀਆਂ 'ਤੇ ਗੰਭੀਰ ਪ੍ਰਭਾਵ ਪਿਆ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਈ ਨਿਵਾਸ ਲਈ ਅਰਜ਼ੀ ਦੇਣਾ ਚਾਹੁੰਦੇ ਸਨ, ਹੁਣ ਉਨ੍ਹਾਂ ਦੇ ਕੈਨੇਡਾ ਵਿੱਚ ਸੈਟਲ ਹੋਣ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਵਿਰੋਧ ਪ੍ਰਦਰਸ਼ਨ, ਜੋ ਟੋਰਾਂਟੋ ਤੋਂ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਬਰੈਂਪਟਨ, ਵੈਨਕੂਵਰ, ਵਿਨੀਪੈਗ ਅਤੇ ਮਾਂਟਰੀਅਲ ਵਰਗੇ ਸ਼ਹਿਰਾਂ ਵਿੱਚ ਫੈਲ ਗਿਆ। ਵਿਦਿਆਰਥੀਆਂ ਨੇ "ਅਸੀਂ ਚੰਗੇ ਭਵਿੱਖ ਦੇ ਹੱਕਦਾਰ ਹਾਂ" ਅਤੇ "ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੋ" ਦੇ ਲਿਖੇ ਹੋਏ ਪੋਸਟਰ ਫੜੇ ਹੋਏ ਸਨ। ਕਈਆਂ ਨੇ ਇਸ ਅਚਾਨਕ ਤਬਦੀਲੀ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਕੈਨੇਡਾ ਵਿੱਚ ਆਪਣੀ ਸਿੱਖਿਆ ਵਿੱਚ ਸਾਲਾਂ ਅਤੇ ਮਹੱਤਵਪੂਰਨ ਵਿੱਤੀ ਸਰੋਤਾਂ ਦਾ ਨਿਵੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਲਤ ਢੰਗ ਨਾਲ ਸਜ਼ਾ ਦੇਣ ਵਾਂਗ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 5 ਲੱਖ ਤੋਂ ਵਧੇਰੇ ਪ੍ਰਵਾਸੀਆਂ ਦਾ ਭਵਿੱਖ ਦਾਅ 'ਤੇ, ਸਰਕਾਰ ਤੋਂ ਕੀਤੀ ਇਹ ਮੰਗ

ਵਿਦਿਆਰਥੀ ਅਗਸਤ ਦੇ ਅਖੀਰ ਤੋਂ ਬਰੈਂਪਟਨ ਦੀ ਕੁਈਨ ਸਟਰੀਟ 'ਤੇ ਪੱਕੇ ਤੌਰ 'ਤੇ ਧਰਨਾ ਦੇ ਰਹੇ ਹਨ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਗਾਇਕ ਰੁਪਿੰਦਰ ਹਾਂਡਾ, ਗੁਰੂ ਰੰਧਾਵਾ ਅਤੇ ਕਈ ਹੋਰਾਂ ਨੇ ਹਾਲ ਹੀ ਵਿੱਚ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਫਿਲੀਪੀਨੋ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਵਕਾਲਤ ਸਮੂਹ, ਓਂਟਾਰੀਓ ਫੈਡਰੇਸ਼ਨ ਆਫ ਵਰਕਰਜ਼ ਐਂਡ ਮਾਈਗ੍ਰੈਂਟਸ ਦੇ ਅਧੀਨ 54 ਟਰੇਡ ਯੂਨੀਅਨਾਂ  ਨੇ ਵਿਦਿਆਰਥੀਆਂ ਦੇ ਵਿਰੋਧ ਨੂੰ ਸਮਰਥਨ ਦਿੱਤਾ ਹੈ। ਨੌਜਵਾਨ ਸਪੋਰਟ ਨੈੱਟਵਰਕ ਦੇ ਪ੍ਰਮੁੱਖ ਬਿਕਰਮ ਜੋ ਬਰੈਂਪਟਨ ਵਿੱਚ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਸੰਸਥਾ ਹੈ, ਨੇ ਕਿਹਾ,"ਅਸੀਂ ਇੱਥੇ ਭਵਿੱਖ ਨਿਰਮਾਣ ਦੇ ਸੁਪਨੇ ਲੈ ਕੇ ਆਏ ਹਾਂ। ਅਸੀਂ ਨਿਯਮਾਂ ਦੀ ਪਾਲਣਾ ਕੀਤੀ, ਆਪਣੀਆਂ ਫੀਸਾਂ ਦਾ ਭੁਗਤਾਨ ਅਤੇ ਹੁਣ, ਉਹ ਸਾਡੇ ਲਈ ਦਰਵਾਜ਼ਾ ਬੰਦ ਕਰ ਰਹੇ ਹਨ। ਇਹ ਉਚਿਤ ਨਹੀਂ ਹੈ।" 

ਕੈਨੇਡਾ ਵਿਚ ਰਹਿ ਚੁੱਕਾ ਇਕ ਪੰਜਾਬੀ ਵਿਦਿਆਰਥੀ ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਹੈ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਿਹਾ ਹੈ, ਨੇ ਕਿਹਾ"ਮੈਂ ਕੈਨੇਡਾ ਆਉਣ ਲਈ ਜੋਖਮ ਉਠਾਉਂਦੇ ਹੋਏ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਛੇ ਸਾਲ ਬਿਤਾਏ। ਮੈਂ ਪੜ੍ਹਾਈ ਕੀਤੀ, ਕੰਮ ਕੀਤਾ, ਟੈਕਸ ਅਦਾ ਕੀਤਾ ਅਤੇ ਇਸ ਦੇ PR ਲਈ ਕਾਫ਼ੀ CRS ਅੰਕ ਪ੍ਰਾਪਤ ਕੀਤੇ, ਪਰ ਸਰਕਾਰ ਨੇ ਬੇਇਨਸਾਫ਼ੀ ਕੀਤੀ ਹੈ।" ਵਿਦਿਆਰਥੀ ਨੇਤਾਵਾਂ ਨੇ ਦਾਅਵਾ ਕੀਤਾ ਕਿ ਪੀ.ਜੀ.ਡਬਲਯੂ.ਪੀ ਵਾਲੇ ਵਿਦਿਆਰਥੀਆਂ ਨੂੰ ਐਕਸਟੈਂਸ਼ਨ ਨਾ ਦੇਣ ਦੇ ਕਦਮ ਨਾਲ ਲਗਭਗ 1.3 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਬਰੈਂਪਟਨ ਨਾਰਥ ਦੀ ਐਮ.ਪੀ ਰੂਬੀ ਸਹੋਤਾ ਦਾ ਉਨ੍ਹਾਂ ਦੇ ਵਿਰੋਧ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਪੰਜਾਬੀ ਭਾਈਚਾਰੇ ਦੇ ਐਮਪੀਜ਼ ਨੂੰ ਉਹਨਾਂ ਦੀਆਂ ਚਿੰਤਾਵਾਂ ਉਠਾਉਣ ਦੀ ਅਪੀਲ ਕੀਤੀ।

ਦੂਜੇ ਪਾਸੇ ਵਧਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਸਰਕਾਰ ਨੇ ਆਪਣੀ ਨੀਤੀ ਦਾ ਬਚਾਅ ਕੀਤਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਇਹ ਕੈਪ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਸੀ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਟਿਕਾਊ ਰਹੇ। ਬੁਲਾਰੇ ਨੇ ਕਿਹਾ, "ਅਸੀਂ ਵਿਦਿਆਰਥੀਆਂ ਦੀ ਨਿਰਾਸ਼ਾ ਨੂੰ ਸਮਝਦੇ ਹਾਂ, ਪਰ ਕੈਨੇਡਾ ਨੂੰ ਆਰਥਿਕ ਅਤੇ ਸਮਾਜਿਕ ਲੋੜਾਂ ਨੂੰ ਪੂਰਾ ਕਰਨ ਲਈ ਕਾਮਿਆਂ ਦੇ ਪ੍ਰਵਾਹ ਦਾ ਪ੍ਰਬੰਧਨ ਕਰਨਾ ਹੋਵੇਗਾ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News