''ਸਰਕਾਰੀ ਆਵਾਸ ''ਚ ਰਹਿਣ ਜਾ ਸਕਦੇ ਹਨ ਇਮਰਾਨ ਖਾਨ''
Wednesday, Aug 01, 2018 - 04:31 PM (IST)

ਇਸਲਾਮਾਬਾਦ (ਭਾਸ਼ਾ)— ਇਸਲਾਮਾਬਾਦ ਸਥਿਤ ਮਿਨਿਸਟਰ ਐਨਕਲੇਵ ਦੇ ਇਕ ਘਰ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦਾ ਸਰਕਾਰੀ ਆਵਾਸ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਸਾਹਮਣੇ ਆਈ ਹੈ।
ਦੱਸਣਯੋਗ ਹੈ ਕਿ ਦੇਸ਼ ਵਿਚ 25 ਜੁਲਾਈ ਨੂੰ ਹੋਈਆਂ ਚੋਣਾਂ 'ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੈਸ਼ਨਲ ਅਸੈਂਬਲੀ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਮਰਾਨ ਖਾਨ 11 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਮਰਾਨ ਖਾਨ ਨੂੰ 26 ਜੁਲਾਈ ਨੂੰ ਆਪਣੇ ਭਾਸ਼ਣ ਵਿਚ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਆਵਾਸ ਦਾ ਇਸਤੇਮਾਲ ਆਪਣੇ ਘਰ ਦੇ ਰੂਪ ਵਿਚ ਨਹੀਂ ਕਰਨਗੇ ਅਤੇ ਉਨ੍ਹਾਂ ਦੀ ਪਾਰਟੀ ਬਾਅਦ ਵਿਚ ਇਸ 'ਤੇ ਫੈਸਲਾ ਕਰੇਗੀ। ਪਾਕਿਸਤਾਨੀ ਅਖਬਾਰ 'ਡਾਨ' ਨੇ ਖਬਰ ਦਿੱਤੀ ਹੈ ਕਿ ਚੋਣਾਂ ਵਿਚ ਪੀ. ਟੀ. ਆਈ. ਨੂੰ ਲੀਡ ਮਿਲਣ ਦੇ ਤੁਰੰਤ ਬਾਅਦ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੇ ਖਾਨ ਨੂੰ ਵੀ. ਵੀ. ਆਈ. ਪੀ. ਪ੍ਰੋਟੋਕਾਲ ਅਤੇ ਸੁਰੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ।