ਬ੍ਰੈਸਟ ਕੈਂਸਰ ਨਾਲ ਜੁੜੇ ਪ੍ਰੋਟੀਨ ਦੀ ਹੋਈ ਪਛਾਣ: ਅਧਿਐਨ
Thursday, Apr 19, 2018 - 04:15 PM (IST)

ਹਿਊਸਟਨ(ਭਾਸ਼ਾ)— ਵਿਗਿਆਨਕਾਂ ਨੇ ਇਕ ਨਵੇਂ ਪ੍ਰੋਟੀਨ ਦੀ ਪਛਾਣ ਕੀਤੀ ਹੈ, ਜਿਸ ਦੇ ਤੇਜੀ ਨਾਲ ਦੂਜੇ ਅੰਗਾਂ ਤੱਕ ਫੈਲਣ ਵਾਲੇ ਬ੍ਰੈਸਟ ਕੈਂਸਰ ਨਾਲ ਜੁੜੇ ਹੋਣ ਦੇ ਸਖ਼ਤ ਸਬੂਤ ਮਿਲਦੇ ਹਨ। ਵਿਗਿਆਨਕ ਇਸ ਪ੍ਰੋਟੀਨ ਜ਼ਰੀਏ ਭਵਿੱਖ ਵਿਚ ਇਸ ਖਤਰਨਾਕ ਬੀਮਾਰੀ ਦੇ ਪੱਕੇ ਇਲਾਜ ਲੱਭ ਸਕਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਟੈਕਸਾਸ ਸਾਊਥਵੈਸਟਰਨ ਮੈਡੀਕਲ ਸੈਂਟਰ ਦੇ ਅਸਿਸਟੈਂਟ ਪ੍ਰੋਫੈਸਰ ਵੀਬੋ ਲਿਊ ਨੇ ਕਿਹਾ ਕਿ ਜੈਡ.ਐਮ.ਵਾਈ.ਐਨ.ਡੀ 8 ਪ੍ਰੋਟੀਨ ਦੇ ਵਧੇ ਹੋਏ ਪੱਧਰ ਅਤੇ ਬ੍ਰੈਸਟ ਕੈਂਸਰ ਦੇ ਮਰੀਜ਼ਾਂ ਦੇ ਜਿਊਂਦਾ ਨਾ ਬੱਚ ਪਾਉਣ ਦੇ ਵਿਚਕਾਰ ਸਬੰਧ ਹੈ।
ਪਹਿਲਾਂ ਹੋਈਆਂ ਖੋਜਾਂ ਵਿਚ ਦੇਖਿਆ ਗਿਆ ਹੈ ਕਿ ਬ੍ਰੈਸਟ ਕੈਂਸਰ ਦੀਆਂ ਕੋਸ਼ਿਕਾਵਾਂ ਆਕਸੀਜਨ ਦੀ ਕਮੀ ਜਾਂ ਹਾਈਪੋਕਸਿਕ ਵਾਤਾਵਰਨ ਵਿਚ ਜ਼ਿਆਦਾ ਹਮਲਾਵਰ ਹੋ ਜਾਂਦੀਆਂ ਹਨ। ਹਾਈਪੋਕਸੀਆ ਇੰਡਿਊਸਬਲ ਫੈਕਟਰ (ਐਚ.ਆਈ.ਐਫ) ਨਾਮਕ ਪ੍ਰੋਟੀਨ ਸਮੂਹ ਹਾਈਪੋਕਸੀਆ ਦੇ ਪ੍ਰਤੀ ਦਿੱਤੀ ਜਾਣ ਵਾਲੀ ਪ੍ਰਤੀਕਿਰਿਆਵਾਂ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਉਨ੍ਹਾਂ ਰਸਤਿਆਂ ਵਿਚ ਫੇਰਬਦਲ ਕਰਦਾ ਹੈ ਜੋ ਕੈਂਸਰ ਦੀ ਕੋਸ਼ਿਕਾਵਾਂ ਦੇ ਫੈਲਣ ਅਤੇ ਵਿਕਸਿਤ ਹੋਣ ਲਈ ਜ਼ਿੰਮੇਦਾਰ ਹੁੰਦਾ ਹੈ। ਲਿਊ ਨੇ ਕਿਹਾ, 'ਸਾਡੀ ਖੋਜ ਦਿਖਾਉਂਦੀ ਹੈ ਕਿ ਜੈਡ.ਐਮ.ਵਾਈ.ਐਨ.ਡੀ 8 ਇਕ ਅਜਿਹਾ ਨਿਯੰਤਰਕ ਹੈ ਜੋ ਬ੍ਰੈਸਟ ਕੈਂਸਰ ਕੋਸ਼ਿਕਾਵਾਂ ਵਿਚ ਐਚ.ਆਈ.ਐਫ 'ਤੇ ਨਿਰਭਰ ਸੈਂਕੜੇ ਕੈਂਸਰ ਕਾਰਕਾਂ ਨੂੰ ਸਰਗਰਮ ਕਰਦਾ ਹੈ।' ਇਹ ਅਧਿਐਨ 'ਕਲੀਨਿਕਲ ਇਨਵੈਸਟੀਗੇਸ਼ਨ' ਪਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।