ਵਿਸ਼ਵ ਮੀਡੀਆ ਤੇ ਸੋਸ਼ਲ ਮੀਡੀਆ ''ਤੇ ਛਾਇਆ ਹੈਦਰਾਬਾਦ ਐਨਕਾਉਂਟਰ
Friday, Dec 06, 2019 - 11:57 PM (IST)

ਵਾਸ਼ਿੰਗਟਨ (ਏਜੰਸੀ)- ਜਬਰ ਜਨਾਹ ਤੋਂ ਬਾਅਦ ਕਤਲ ਦੇ ਦੋਸ਼ੀਆਂ ਦਾ ਹੈਦਰਾਬਾਦ ਪੁਲਸ ਵਲੋਂ ਐਨਕਾਉਂਟਰ ਕਰਨ ਦੀਆਂ ਖਬਰਾਂ ਪੂਰੇ ਵਿਸ਼ਵ ਵਿਚ ਚੱਲ ਰਹੀਆਂ ਹਨ। ਜ਼ਿਆਦਾਤਰ ਖਬਰਾਂ ਵਿਚ ਪੁਲਸ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਪਰ ਕੁਝ ਖਬਰਾਂ ਵਿਚ ਇਸ ਨੂੰ ਲੈ ਕੇ ਸਵਾਲ ਵੀ ਚੁੱਕੇ ਗਏ। ਦੈਨਿਕ ਦਿ ਵਾਸ਼ਿੰਗਟਨ ਪੋਸਟ ਨੇ ਵਿਸਥਾਰਤ ਖਬਰ ਵਿਚ ਲਿਖਿਆ ਕਿ ਭਾਰਤ ਵਿਚ ਆਮ ਲੋਕਾਂ ਨੇ ਚਾਰਾਂ ਦੋਸ਼ੀਆਂ ਦੇ ਮਾਰੇ ਜਾਣ 'ਤੇ ਖੁਸ਼ੀ ਜਤਾਈ ਹੈ ਪਰ ਕਾਰਕੁੰਨਾਂ ਅਤੇ ਵਕੀਲਾਂ ਨੇ ਇਸ ਮੁਕਾਬਲੇ 'ਤੇ ਸਵਾਲ ਚੁੱਕੇ ਗਏ ਇਸ ਨੂੰ ਗੈਰ ਨਿਆਇਕ ਕਾਰਵਾਈ ਦੱਸਿਆ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪੁਲਸ ਨੇ ਇਸ ਨੂੰ ਖੁਦ ਦੀ ਰੱਖਿਆ ਵਿਚ ਕੀਤੀ ਗਈ ਕਾਰਵਾਈ ਦੱਸਿਆ ਹੈ।
ਦਿ ਨਿਊਯਾਰਕ ਟਾਈਮਜ਼ ਨੇ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਉਸ ਨੂੰ ਕਤਲ ਕਰਨ ਦੀ ਘਟਨਾ ਨੂੰ ਹਾਲ ਦੇ ਦਿਨਾਂ ਦੀ ਸਭ ਤੋਂ ਗੰਭੀਰ ਘਟਨਾ ਦੱਸਦੇ ਹੋਏ ਕਿਹਾ ਹੈ ਕਿ ਸ਼ੁੱਕਰਵਾਰ ਦੀ ਸਵੇਰ ਇਸ ਹਿਲਾ ਦੇਣ ਵਾਲੀ ਘਟਨਾ ਦਾ ਆਖਿਰਕਾਰ ਅੰਤ ਹੋ ਗਿਆ। ਅਖਬਾਰ ਅੱਗੇ ਲਿਖਦਾ ਹੈ ਕਿ ਮੁਕਾਬਲੇ ਨੂੰ ਅੰਜਾਮ ਦੇਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਹੀਰੋ ਦੱਸਿਆ ਗਿਆ। ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ, ਉਨ੍ਹਾਂ 'ਤੇ ਫੁੱਲ ਵਰ੍ਹਾਏ ਜਾ ਰਹੇ ਹਨ। ਲੋਕ ਸੜਕਾਂ 'ਤੇ ਉਤਰ ਕੇ ਖੁਸ਼ੀਆਂ ਮਨਾ ਰਹੇ ਹਨ।
ਸੀ.ਐਨ. ਐਨ. ਨੇ ਵੀ ਇਸ ਖਬਰ ਨੂੰ ਪ੍ਰਮੁੱਖਤਾ ਦਿੱਤੀ ਹੈ। ਮਹਿਲਾ ਡਾਕਟਰ ਨੂੰ ਜਬਰ ਜਨਾਹ ਤੋਂ ਬਾਅਦ ਕਤਲ ਅਤੇ ਉਸ ਨੂੰ ਲੈ ਕੇ ਪੂਰੇ ਦੇਸ਼ ਵਿਚ ਪਨਪੇ ਗੁੱਸੇ ਬਾਰੇ ਦੱਸਦੇ ਹੋਏ ਸੀ.ਐਨ.ਐਨ. ਨੇ ਕਿਹਾ ਹੈ ਕਿ ਰੈਲੀਆਂ ਵਿਚ ਸ਼ਾਮਲ ਲੋਕ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਸਨ। ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਖਬਰ ਦਿੱਤੀ ਹੈ। ਲੋਕ ਪੁਲਸ ਦੀ ਸ਼ਲਾਘਾ ਕਰਦੇ ਹੋਏ ਕਹਿ ਰਹੇ ਹਨ ਕਿ ਨਿਆ ਹੋ ਗਿਆ। ਨਿਰਭਿਆ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਔਰਤਾਂ ਖਿਲਾਫ ਅਪਰਾਧ ਨੂੰ ਲੈ ਕੇ ਉਦੋਂ ਬਹੁਤ ਆਵਾਜ਼ ਚੁੱਕੀ ਸੀ, ਪਰ ਅਪਰਾਧ ਵਿਚ ਕੋਈ ਕਮੀ ਨਹੀਂ ਆਈ। ਬ੍ਰਿਟਿਸ਼ ਨਿਊਜ਼ ਪੇਪਰ ਦਿ ਗਾਰਜੀਅਨ ਅਤੇ ਦਿ ਟੈਲੀਗ੍ਰਾਫ ਨੇ ਵੀ ਐਨਕਾਉਂਟਰ ਨੂੰ ਪ੍ਰਮੁੱਖਤਾ ਨਾਲ ਥਾਂ ਦਿੱਤੀ ਹੈ।