ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ ''ਹਾਰ'' ! ਭਾਵੁਕ ਕਰੇਗੀ ਪਤਨੀ ਦੇ ਸੰਘਰਸ਼ ਦੀ ਪੂਰੀ ਕਹਾਣੀ
Sunday, May 31, 2026 - 02:24 PM (IST)
ਇੰਟਰਨੈਸ਼ਨਲ ਡੈਸਕ- ਮੈਡੀਕਲ ਵਿਗਿਆਨ ਜਿੱਥੇ ਆ ਕੇ ਹੱਥ ਖੜ੍ਹੇ ਕਰ ਦਿੰਦਾ ਹੈ, ਉੱਥੇ ਕਈ ਵਾਰ ਇਨਸਾਨ ਦਾ ਜਜ਼ਬਾ ਇਕ ਨਵੀਂ ਬਹਿਸ ਛੇੜ ਦਿੰਦਾ ਹੈ। ਅਜਿਹਾ ਹੀ ਇਕ ਵਿਲੱਖਣ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ 'ਟੈਬੀਥਾ' ਆਪਣੇ ਕੋਮਾ 'ਚ ਚਲੇ ਗਏ ਪਤੀ 'ਆਰੋਨ ਵਿਲੀਅਮਜ਼' ਨੂੰ ਮੌਤ ਦੇ ਮੂੰਹ 'ਚੋਂ ਕੱਢਣ ਲਈ ਇਕੱਲਿਆਂ ਸੰਘਰਸ਼ ਕਰ ਰਹੀ ਹੈ। ਡਾਕਟਰਾਂ ਵੱਲੋਂ ਮਰੀਜ਼ ਨੂੰ ਮਹਿਜ਼ ਇਕ 'ਜ਼ਿੰਦਾ ਲਾਸ਼' ਕਰਾਰ ਦਿੱਤੇ ਜਾਣ ਦੇ ਬਾਵਜੂਦ, ਪਤਨੀ ਦਾ ਦਾਅਵਾ ਹੈ ਕਿ ਉਸ ਦੇ ਪਤੀ ਦਾ ਦਿਮਾਗ ਅਜੇ ਵੀ ਜ਼ਿੰਦਾ ਹੈ ਅਤੇ ਉਹ ਸਭ ਕੁਝ ਮਹਿਸੂਸ ਕਰ ਸਕਦਾ ਹੈ।
ਇਹ ਮਾਮਲਾ ਅਕਤੂਬਰ 2024 ਵਿੱਚ ਸ਼ੁਰੂ ਹੋਇਆ ਸੀ, ਜਦੋਂ ਇਕ ਸਫ਼ਰ ਦੌਰਾਨ ਆਰੋਨ ਨੂੰ ਅਚਾਨਕ 'ਕਾਰਡੀਅਕ ਅਰੈਸਟ' ਆਇਆ ਸੀ। ਦਰਅਸਲ, ਆਰੋਨ 'ਟਾਈਪ-1 ਡਾਇਬੀਟੀਜ਼' ਦਾ ਸ਼ਿਕਾਰ ਸੀ ਅਤੇ ਸਮੇਂ ਸਿਰ ਇੰਸੁਲਿਨ ਨਾ ਮਿਲਣ ਦੀ ਇਕ ਨਿੱਕੀ ਜਿਹੀ ਭੁੱਲ ਉਸ ਲਈ ਘਾਤਕ ਸਾਬਤ ਹੋਈ। ਹਾਲਾਂਕਿ ਡਾਕਟਰਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਉਸ ਦੇ ਦਿਲ ਦੀ ਧੜਕਣ ਤਾਂ ਵਾਪਸ ਚਾਲੂ ਕਰ ਦਿੱਤੀ, ਪਰ ਇਸ ਦੌਰਾਨ ਦਿਮਾਗ ਤੱਕ ਆਕਸੀਜਨ ਨਾ ਪਹੁੰਚਣ ਕਾਰਨ ਉਹ ਕੋਮਾ ਵਿੱਚ ਚਲਾ ਗਿਆ। ਡਾਕਟਰਾਂ ਨੇ ਮੈਡੀਕਲ ਭਾਸ਼ਾ ਵਿੱਚ ਇਸ ਸਥਿਤੀ ਨੂੰ 'ਪਰਸਿਸਟੈਂਟ ਵੇਜੀਟੇਟਿਵ ਸਟੇਟ' ਐਲਾਨ ਦਿੱਤਾ।
ਹਸਪਤਾਲ 'ਚ 11 ਦਿਨ ਬੀਤਣ ਮਗਰੋਂ ਮੈਡੀਕਲ ਟੀਮ ਨੇ ਟੈਬੀਥਾ ਨੂੰ ਲਾਈਫ਼ ਸਪੋਰਟ ਸਿਸਟਮ (ਵੈਂਟੀਲੇਟਰ) ਹਟਾਉਣ ਦੀ ਸਲਾਹ ਦਿੱਤੀ ਸੀ। ਡਾਕਟਰਾਂ ਮੁਤਾਬਕ ਮਰੀਜ਼ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਪਰ ਟੈਬੀਥਾ ਨੇ ਫੀਡਿੰਗ ਟਿਊਬ ਰਾਹੀਂ ਇਲਾਜ ਜਾਰੀ ਰੱਖਣ ਦਾ ਔਖਾ ਰਾਹ ਚੁਣਿਆ, ਕਿਉਂਕਿ ਉਸ ਦਾ ਮੰਨਣਾ ਸੀ ਕਿ ਜਦੋਂ ਤੱਕ ਸਾਹ ਚੱਲ ਰਹੇ ਹਨ, ਉਮੀਦ ਦਾ ਸਾਥ ਨਹੀਂ ਛੱਡਿਆ ਜਾ ਸਕਦਾ।
ਇਹ ਵੀ ਪੜ੍ਹੋ- ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ
ਇਸ ਦੌਰਾਨ ਟੈਬੀਥਾ ਨੇ ਖ਼ੁਦ ਨਿਊਰੋਲੋਜੀਕਲ ਖੋਜਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਜਿੱਥੇ ਉਸ ਨੂੰ ਮੈਡੀਕਲ ਜਗਤ ਦੇ ਇਕ ਅਹਿਮ ਪਹਿਲੂ ਬਾਰੇ ਪਤਾ ਲੱਗਿਆ ਕਿ ਕੋਮਾ ਵਿੱਚ ਨਜ਼ਰ ਆਉਣ ਵਾਲੇ ਹਰ 4 'ਚੋਂ ਇਕ ਮਰੀਜ਼ ਅਸਲ ਵਿੱਚ ਅੰਦਰੂਨੀ ਤੌਰ 'ਤੇ ਸੁਚੇਤ ਹੁੰਦਾ ਹੈ। ਇਕ ਵਿਗਿਆਨਕ ਪ੍ਰਯੋਗ ਦੌਰਾਨ ਜਦੋਂ ਅਜਿਹੇ ਮਰੀਜ਼ਾਂ ਨੂੰ MRI ਮਸ਼ੀਨ ਵਿੱਚ ਰੱਖ ਕੇ "ਟੈਨਿਸ ਖੇਡਣ ਦੀ ਕਲਪਨਾ" ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਦੇ ਦਿਮਾਗ ਦੇ ਓਹੀ ਹਿੱਸੇ ਸਰਗਰਮ ਹੋਏ ਜੋ ਇਕ ਸਿਹਤਮੰਦ ਇਨਸਾਨ ਦੇ ਹੁੰਦੇ ਹਨ। ਇਸ ਨੂੰ 'ਕੌਗਨਿਟਿਵ ਮੋਟਰ ਡਿਸਐਸੋਸੀਏਸ਼ਨ' ਕਿਹਾ ਜਾਂਦਾ ਹੈ, ਜਿਸ ਵਿੱਚ ਮਰੀਜ਼ ਬਾਹਰੋਂ ਕੋਈ ਹਰਕਤ ਨਹੀਂ ਕਰ ਪਾਉਂਦਾ ਪਰ ਅੰਦਰੋਂ ਸਭ ਸੁਣ ਅਤੇ ਸਮਝ ਰਿਹਾ ਹੁੰਦਾ ਹੈ।
ਟੈਬੀਥਾ ਨੇ ਆਰੋਨ ਦੇ ਕਈ ਅਜਿਹੇ ਵੀਡੀਓ ਰਿਕਾਰਡ ਕੀਤੇ ਹਨ, ਜਿੱਥੇ ਉਸ ਦੇ ਕਹਿਣ 'ਤੇ ਆਰੋਨ ਹੌਲੀ ਜਿਹੇ ਆਪਣਾ ਮੂੰਹ ਖੋਲ੍ਹਦਾ ਹੈ। ਭਾਵੇਂ ਡਾਕਟਰ ਇਸ ਨੂੰ ਸਿਰਫ਼ ਇਕ ਸਰੀਰਕ ਰਿਫਲੈਕਸ ਮੰਨਦੇ ਹਨ, ਪਰ ਪਤਨੀ ਲਈ ਇਹ ਇਕ ਵੱਡਾ ਸੰਕੇਤ ਹੈ।
ਇਸ ਸੰਘਰਸ਼ ਵਿੱਚ ਟੈਬੀਥਾ ਨੂੰ ਅਮਰੀਕਾ ਦੇ ਮਸ਼ਹੂਰ 'ਟੇਰੀ ਸ਼ੀਆਵੋ' ਕੇਸ (ਜੋ 20 ਸਾਲ ਪਹਿਲਾਂ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ) ਦੇ ਪਰਿਵਾਰਕ ਮੈਂਬਰ ਬੌਬੀ ਸ਼ਿੰਡਲਰ ਦਾ ਵੀ ਸਾਥ ਮਿਲਿਆ ਹੈ। ਵੱਖ-ਵੱਖ ਨਰਸਿੰਗ ਹੋਮਜ਼ ਵਿੱਚ ਸ਼ਿਫਟ ਕੀਤੇ ਜਾਣ ਦੌਰਾਨ ਗਲਤ ਇਲਾਜ ਅਤੇ ਬੈੱਡਸੋਰ ਵਰਗੀਆਂ ਦਿੱਕਤਾਂ ਦੇ ਬਾਵਜੂਦ ਟੈਬੀਥਾ ਨੇ ਹਾਰ ਨਹੀਂ ਮੰਨੀ।
ਟੈਬੀਥਾ ਹੁਣ ਆਪਣੇ ਪਤੀ ਦਾ ਇਕ ਐਡਵਾਂਸ ਬ੍ਰੇਨ ਸਕੈਨ ਕਰਵਾਉਣ ਦੀ ਕਾਨੂੰਨੀ ਤੇ ਡਾਕਟਰੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਉਸ ਦੀ ਅੰਦਰੂਨੀ ਚੇਤਨਾ ਦਾ ਪੁਖਤਾ ਪਤਾ ਲੱਗ ਸਕੇ। ਉਸ ਦਾ ਕਹਿਣਾ ਹੈ, "ਜੇਕਰ ਬ੍ਰੇਨ ਸਕੈਨ ਵਿੱਚ ਇਹ ਸਾਬਤ ਹੋ ਗਿਆ ਕਿ ਉਹ ਅੰਦਰੋਂ ਮੌਜੂਦ ਹੈ, ਤਾਂ ਮੈਂ ਦੁਨੀਆ ਦੀ ਹਰ ਤਾਕਤ ਲਗਾ ਦੇਵਾਂਗੀ। ਪਰ ਜੇਕਰ ਰਿਪੋਰਟ ਨੈਗੇਟਿਵ ਆਈ, ਤਾਂ ਮੈਂ ਭਾਰੀ ਮਨ ਨਾਲ ਉਸ ਨੂੰ ਅਲਵਿਦਾ ਕਹਿ ਦੇਵਾਂਗੀ।" ਫ਼ਿਲਹਾਲ, ਹਸਪਤਾਲ ਦੇ ਉਸ ਸ਼ਾਂਤ ਕਮਰੇ ਵਿੱਚ ਵਿਗਿਆਨ ਅਤੇ ਮਨੁੱਖੀ ਉਮੀਦ ਦੇ ਵਿਚਕਾਰ ਇਹ ਅਨੋਖੀ ਜੰਗ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ- 'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
