ਇਟਲੀ ''ਚ ਤੂਫਾਨ ਕਾਰਨ 6 ਲੋਕਾਂ ਦੀ ਮੌਤ, ਰੈੱਡ ਅਲਰਟ ਜਾਰੀ

Tuesday, Oct 30, 2018 - 10:57 AM (IST)

ਰੋਮ (ਕੈਂਥ)— ਇਟਲੀ 'ਚ ਖਰਾਬ ਮੌਸਮ ਦੇ ਚੱਲਦਿਆਂ ਭਾਰੀ ਮੀਂਹ ਅਤੇ ਤੇਜ਼ ਤੂਫਾਨ ਕਾਰਨ 1 ਔਰਤ ਸਮੇਤ 6 ਲੋਕਾਂ ਦੀ ਮੌਤ ਅਤੇ ਇਕ ਵਿਅਕਤੀ ਅਜੇ ਲਾਪਤਾ ਹੈ। ਬੀਤੇ ਦਿਨਾਂ ਤੋਂ ਇਟਲੀ ਭਰ 'ਚ ਭਾਰੀ ਮੀਂਹ ਅਤੇ ਤੇਜ਼ ਤੂਫਾਨ ਨੇ ਅਜਿਹਾ ਕੁਦਰਤੀ ਕਹਿਰ ਕੀਤਾ ਜਿਸ ਕਾਰਨ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ । ਭਾਰੀ ਮੀਂਹ ਅਤੇ ਤੇਜ਼ ਤੂਫਾਨ ਕਾਰਨ ਸੜਕਾਂ 'ਤੇ ਲੱਗੇ ਦਰੱਖਤ ਜੜ੍ਹੋਂ ਟੁੱਟ ਗਏ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਫਸਲਾਂ ਲਈ ਬਣੀਆਂ ਸ਼ੈੱਡਾਂ ਵੀ ਨੁਕਸਾਨੀਆਂ ਗਈਆਂ ਅਤੇ ਇਟਾਲੀਅਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।
ਤੇਜ਼ ਤੂਫਾਨ ਅਤੇ ਭਾਰਤੀ ਮੀਂਹ ਨੇ ਲੋਕਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਨੂੰ ਹੀ ਇਟਲੀ ਦੇ ਮੌਸਮ ਵਿਭਾਗ ਨੇ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਸੀ ਤੇ ਚਿਤਾਵਨੀ ਵੀ ਦਿੱਤੀ ਸੀ।

 PunjabKesari
ਸੜਕਾਂ 'ਤੇ ਲੱਗੇ ਦਰੱਖਤ ਬਣੇ ਕਾਲ— 
ਇਟਲੀ ਦੀ ਰਾਜਧਾਨੀ ਰੋਮ ਨੇੜੇ ਸਥਿਤ ਜ਼ਿਲਾ ਫਰੋਸੀਨੋਨੇ 'ਚ ਇੱਕ ਵੱਡਾ ਦਰੱਖਤ ਇਕ ਕਾਰ 'ਤੇ ਡਿੱਗ ਗਿਆ, ਜਿਸ ਕਾਰਨ ਉਸ ਕਾਰ 'ਚ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਜ਼ਿਲਾ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਇੱਕ ਵੱਡਾ ਦਰੱਖਤ ਇੱਕ ਕਾਰ ਉੱਪਰ ਡਿੱਗ ਗਿਆ, ਜਿਸ ਕਾਰਨ ਕਾਰ ਵਿੱਚ ਸਵਾਰ ਦੋ ਵਿਅਕਤੀਆਂ 'ਚੋਂ ਇੱਕ ਦੀ ਮੌਤ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

PunjabKesari

ਇਸੇ ਤਰ੍ਹਾਂ ਹੀ ਨਾਪੋਲੀ , ਸਾਵੋਨਾ ਅਤੇ ਮਿਲਾਨ 'ਚ 3 ਵਿਅਕਤੀਆਂ ਦੀ ਮੌਤ ਦਰਖੱਤਾਂ ਹੇਠਾਂ ਆਉਣ ਕਾਰਨ ਹੋ ਗਈ। ਵੱਖ-ਵੱਖ ਇਲਾਕਿਆਂ 'ਚ ਤੂਫਾਨ ਦੀ ਰਫਤਾਰ 100 ਤੋਂ 130 ਕਿਲੋਮੀਟਰ ਪ੍ਰਤੀ ਘੰਟੇ ਮਾਪੀ ਗਈ।

PunjabKesari

 ਕੁਦਰਤ ਦੀ ਕਰੋਪੀ ਕਾਰਨ ਲੋਕ ਸਹਿਮੇ ਹੋਏ ਹਨ ਤੇ ਸਫ਼ਰ ਕਰਨ ਤੋਂ ਕਤਰਾ ਰਹੇ ਹਨ । ਰੋਮ ਦੇ ਕਈ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਸਕੂਲਾਂ ਨੂੰ ਵੀ ਕੁਝ ਦਿਨਾਂ ਲਈ ਬੰਦ ਕਰ ਦਾ ਫਰਮਾਨ ਹੈ। ਜ਼ਿਕਰਯੋਗ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਇਟਲੀ ਦੀ ਸੁਰੱਖਿਆ ਏਜੰਸੀ ਇਸਪਰਾ ਨੇ ਇਟਲੀ ਵਿੱਚ ਅਜਿਹਾ ਖਰਾਬ ਮੌਸਮ ਹੋਣ ਦੀ ਚਿਤਾਵਨੀ ਜਾਰੀ ਕੀਤੀ ਸੀ।


Related News