ਹਾਂਗਕਾਂਗ ਦੀ ਕੈਥੇ ਏਅਰਲਾਈਨ ਵੱਲੋਂ 27 ਹਜ਼ਾਰ ਕਰਮੀਆਂ ਨੂੰ ਛੁੱਟੀ 'ਤੇ ਜਾਣ ਦਾ ਆਦੇਸ਼

02/05/2020 2:29:53 PM

ਹਾਂਗਕਾਂਗ (ਭਾਸ਼ਾ): ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਹਾਂਗਕਾਂਗ ਦੀ ਪ੍ਰਮੁੱਖ ਏਅਰਲਾਈਨ ਕੈਥੇ ਪੈਸੀਫਿਕ ਨੇ ਆਪਣੇ 27,000 ਕਰਮੀਆਂ ਨੂੰ 3 ਹਫਤੇ ਲਈ ਬਿਨਾਂ ਭੁਗਤਾਨ ਵਾਲੀ ਛੁੱਟੀ 'ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਸੀ.ਈ.ਓ. ਅਗਸਤਸ ਤਾਂਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਮਹੀਨਿਆਂ ਤੱਕ ਰਾਜਨੀਤਕ ਅਸਥਿਰਤਾ ਅਤੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਏਅਰਲਾਈਨ ਲਈ ਮੁਸ਼ਕਲ ਸਮਾਂ ਸੀ ਅਤੇ ਹੁਣ ਕੋਰੋਨਾਵਾਇਰਸ ਦੇ ਪ੍ਰਸਾਰ ਕਾਰਨ ਇਸ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਏਅਰਲਾਈਨ ਦੇ ਸੀ.ਈ.ਓ. ਤਾਂਗ ਨੇ ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਮੈਨੂੰ ਆਸ ਹੈ ਕਿ ਸਾਡੇ ਪ੍ਰਮੁੱਖ ਕਰਮਚਾਰੀਆਂ ਤੋਂ ਲੈ ਕੇ ਸਾਡੇ ਸੀਨੀਅਰ ਅਧਿਕਾਰੀਆਂ ਤੱਕ ਤੁਸੀਂ ਸਾਰੇ ਇਸ ਵਿਚ ਹਿੱਸੇਦਾਰੀ ਕਰੋਗੇ ਅਤੇ ਮੌਜੂਦਾ ਚੁਣੌਤੀਆਂ ਵਿਚ ਸਾਥ ਦਿਓਗੇ।''

ਇੱਥੇ ਦੱਸ ਦਈਏ ਕਿ ਜਾਨਲੇਵਾ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ।ਚੀਨ ਵਿਚ ਹੁਣ ਤੱਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24,324 ਲੋਕਾਂ ਵਿਚ ਇਸ ਵਾਇਰਸ ਦੇ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿਚੋਂ 3,210 ਲੋਕਾਂ ਦੀ ਹਾਲਤ ਗੰਭੀਰ ਹੈ।ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਹੈ।ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ਵਿਚ ਆਇਆ ਅਤੇ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਤੱਕ ਇਹ ਹੋਰ ਥਾਵਾਂ 'ਤੇ ਫੈਲ ਗਿਆ। ਇਹਨਾਂ ਛੁੱਟੀਆਂ ਦੇ ਸਮੇਂ ਏਅਰਲਾਈਨ ਦਾ ਕੰਮਕਾਜ ਬਹੁਤ ਜ਼ਿਆਦਾ ਹੁੰਦਾ ਹੈ। 

ਤਾਂਗ ਨੇ ਚਿਤਾਵਨੀ ਦਿੱਤੀ ਕਿ ਵਾਇਰਸ ਦੇ ਕਾਰਨ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ 'ਤੇ ਅਸੀਂ ਸਭ ਤੋਂ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਾਂ। ਇਸ ਤੋਂ ਪਹਿਲਾਂ 2009 ਵਿਚ ਗਲੋਬਲ ਮੰਦੀ ਦੇ ਸਮੇਂ ਕੈਥੇ ਨੇ ਆਪਣੇ ਕਰਮੀਆਂ ਨੂੰ ਬਿਨਾਂ ਤਨਖਾਹ ਦੇ ਛੁੱਟੀ 'ਤੇ ਜਾਣ ਲਈ ਕਿਹਾ ਸੀ।


Vandana

Content Editor

Related News