ਕੁਈਨਜ਼ਲੈਂਡ ''ਚ ਕੋਰੋਨਾ ਦੇ 3 ਨਵੇਂ ਮਾਮਲੇ ਆਉਣ ਮਗਰੋਂ ਬ੍ਰਿਸਬੇਨ ਦੇ 11 ਸਥਾਨਾਂ ਲਈ ਸਿਹਤ ਚਿਤਾਵਨੀ ਜਾਰੀ
Wednesday, Jul 29, 2020 - 05:04 PM (IST)
ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਕੋਰੋਨਾ ਮਹਾਂਮਾਰੀ ਦੌਰਾਨ ਸਰਹੱਦੀ ਨਿਯਮਾਂ ਦੀ ਉਲੰਘਣਾ ਕਰਦਿਆਂ 21 ਜੁਲਾਈ ਨੂੰ ਸਿਡਨੀ ਰਾਹੀ ਮੈਲਬੌਰਨ ਤੋਂ ਬ੍ਰਿਸਬੇਨ ਵਾਪਸ ਪਰਤਣ ਤੋਂ ਬਾਅਦ ਲੋਗਨ(ਬ੍ਰਾਊਨਸ ਪਲੇਨਸ, ਪਾਰਕਰਿੱਜ, ਵੁੱਡਰਿੱਜ), ਬ੍ਰਿਸਬੇਨ(ਸਨੀਬੈਂਕ, ਅਕੇਸ਼ਿਆ ਰਿਜ) ਅਤੇ ਇਪਸਵਿੱਚ(ਸਪਰਿੰਗਫੀਲਡ ਲੇਕ) ਆਦਿ ਵੱਖ ਵੱਖ ਇਲਾਕਿਆਂ ‘ਚ ਵਿਚਰੀਆਂ ਦੋ 19 ਸਾਲਾ ਔਰਤਾਂ ਨੂੰ ਕਰੋਨਾ ਟੈਸਟ ਤੋਂ ਬਾਅਦ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਦੋਵੇਂ ਔਰਤਾਂ ਨੂੰ ਐਤਵਾਰ, 26 ਜੁਲਾਈ ‘ਪੀਕ ਥਾਈ ਰੈਸਤਰਾਂ’ (ਓਰਾਇਨ) ਵਿਖੇ ਵੀ ਦੇਖਿਆ ਗਿਆ ਸੀ। ਜਿਸਦੇ ਚੱਲਦਿਆਂ ਸੂਬਾ ਸਰਕਾਰ ਨੇ ਸੰਬੰਧਿਤ ਇਲਾਕਿਆਂ ਦੇ ਦੁਕਾਨ, ਸਕੂਲ, ਰੈਸਤਰਾਂ ਅਤੇ ਚਰਚ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ।
ਫਿਲਹਾਲ, ਦੋਵੇਂ ਕੋਰੋਨਾ ਪੀੜਤ ਔਰਤਾਂ ਬ੍ਰਿਸਬੇਨ ਸਥਿੱਤ ਪ੍ਰਿੰਨਸਿਸ ਅਲੈਗਜ਼ੈਂਡਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ ਅਤੇ ਇਨ੍ਹਾ ਦੇ ਸੰਪਰਕ ਵਿੱਚ ਆਉਣ ਕਾਰਨ ਤੀਜਾ ਕੇਸ ਵੀ ਸਾਹਮਣੇ ਆਇਆ ਹੈ। ਪੁਲਸ ਵੱਲੋਂ ਇਹਨਾਂ ਦੋਵਾਂ ਵਿਰੁੱਧ ਅਪਰਾਧਿਕ ਜਾਂਚ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਆਪਣੇ ਸਰਹੱਦੀ ਘੋਸ਼ਣਾ ਪੱਤਰਾਂ ਵਿੱਚ ਗਲਤ ਵੇਰਵਿਆਂ ਅਤੇ ਬਿਨਾਂ ਇਕਾਂਤਵਾਸ ਹੋਏ ਸੂਬੇ ‘ਚ ਪ੍ਰਵੇਸ਼ ਲਿਆ ਸੀ। ਸਿਹਤ ਮੰਤਰੀ ਸਟੀਵਨ ਮਾਈਲਸ ਨੇ ਕਿਹਾ ਕਿ ਸੰਪਰਕ ਦੀ ਭਾਲ ਲਈ ਇੱਕ ਵੱਡਾ ਯਤਨ ਚੱਲ ਰਿਹਾ ਹੈ। ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਇਸ ਲਾਪਰਵਾਹੀ ਭਰੇ ਵਤੀਰੇ ਤੋਂ ਬਹੁਤ ਨਿਰਾਸ਼ ਹਾਂ। ਇਨ੍ਹਾਂ ਅਵਾਮ ਨੂੰ ਜੋਖਮ ‘ਚ ਪਾਇਆ ਹੈ ਜੋ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਉਹ ਵਿਅਕਤੀ ਜੋ ਕੂਈਨਜ਼ਲੈਂਡ ਵਿੱਚ ਦਾਖਲ ਹੋਣ ਤੋਂ ਪਹਿਲਾਂ 14 ਦਿਨਾਂ ਵਿੱਚ ਇੱਕ ਕੋਵਿਡ -19 ਹਾਟਸਪੌਟ ਵਿੱਚ ਰਿਹਾ ਹੈ, ਉਸ ਨੂੰ ਕੂਈਨਜ਼ਲੈਂਡ ਵਿੱਚ ਅਜੇ ਵੀ ਸਿੱਧਾ ਦਾਖਲਾ ਨਹੀਂ ਹੈ। ਸੂਬੇ 'ਚ ਕੋਵਿਡ-19 ਦੇ ਕੁਲ 1,079 ਮਾਮਲਿਆਂ ਵਿੱਚੋ, 6 ਦੀਆ ਮੌਤਾਂ ਹੋਈਆ ਹਨ ਅਤੇ 1,065 ਵਿਅਕਤੀ ਠੀਕ ਹੋਏ ਹਨ ਜਿਨ੍ਹਾਂ ਵਿੱਚੋਂ ਅੱਠ ਕੇਸ ਹੁਣ ਕਿਰਿਆਸ਼ੀਲ ਹਨ।