ਇਪਸਾ ਵੱਲੋਂ ਹਰਕੀਰਤ ਚਾਹਲ, ਹਰਚਰਨ ਚਾਹਲ ਅਤੇ ਡਾ. ਸੂਬਾ ਸਿੰਘ ਦਾ ਸਨਮਾਨ
Monday, Sep 11, 2023 - 12:09 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਦੀ ਸਰਗਰਮ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਇਪਸਾ ਅਦਬੀ ਮਾਸਿਕ ਲੜੀ ਤਹਿਤ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਕ ਅਦਬੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਭਾਗ ਦਾ ਸੰਚਾਲਨ ਰੁਪਿੰਦਰ ਸੋਜ਼ ਦੁਆਰਾ ਕੀਤਾ ਗਿਆ। ਮਨਜੀਤ ਬੋਪਾਰਾਏ ਜੀ ਦੇ ਸਵਾਗਤੀ ਸ਼ਬਦਾਂ ਤੋਂ ਬਾਅਦ ਸ਼ਮ੍ਹਾ ਰੌਸ਼ਨ ਦੀ ਰਸਮ ਮੁੱਖ ਮਹਿਮਾਨ ਹਰਕੀਰਤ ਕੌਰ ਚਾਹਲ, ਜਗਦੀਪ ਕੌਰ ਬਰਾੜ, ਹਰਕੀ ਵਿਰਕ, ਤੇਜਪਾਲ ਕੌਰ, ਅਮਨਪ੍ਰੀਤ ਕੌਰ ਟੱਲੇਵਾਲ, ਹਰਜੀਤ ਕੌਰ ਸੰਧੂ ਅਤੇ ਜਤਿੰਦਰ ਕੌਰ ਚਾਹਲ ਵੱਲੋਂ ਨਿਭਾਈ ਗਈ।
ਇਸ ਤੋਂ ਬਾਅਦ ਕਵੀ ਦਰਬਾਰ ਵਿੱਚ ਸੁਰਜੀਤ ਸੰਧੂ, ਆਤਮਾ ਹੇਅਰ, ਸਰਬਜੀਤ ਸੋਹੀ, ਦਲਵੀਰ ਹਲਵਾਰਵੀ, ਗੁਰਜਿੰਦਰ ਸੰਧੂ, ਇਕਬਾਲ ਧਾਮੀ, ਹਰਕੀ ਵਿਰਕ, ਜਗਦੀਪ ਕੌਰ ਬਰਾੜ, ਤੇਜਪਾਲ ਕੌਰ, ਗੀਤਕਾਰ ਨਿਰਮਲ ਦਿਓਲ ਅਮਨਪ੍ਰੀਤ ਕੌਰ ਟੱਲੇਵਾਲ ਅਤੇ ਹਰਜੀਤ ਕੌਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਕਾਵਿਕ ਛਹਿਬਰ ਲਾ ਦਿੱਤੀ। ਸਮਾਗਮ ਦੇ ਦੂਸਰੇ ਭਾਗ ਵਿਚ ਸਰਬਜੀਤ ਸੋਹੀ ਦੇ ਮੰਚ ਸੰਚਾਲਨ ਤਹਿਤ ਪ੍ਰਿੰਸੀਪਲ ਡਾ. ਸੂਬਾ ਸਿੰਘ ਨੇ ਪੰਜਾਬੀਆਂ ਦੇ ਆਪਣੀ ਮਾਤ ਭੂਮੀ ਪ੍ਰਤੀ ਲਗਾਅ ਅਤੇ ਜਜ਼ਬਾਤੀ ਸਾਂਝ ਦੀਆਂ ਇਤਿਹਾਸਿਕ ਉਦਹਾਰਨਾਂ ਦਿੰਦਿਆਂ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਹਨਾਂ ਨੂੰ ਅਰਥ ਭਰਪੂਰ ਯਤਨ ਕਿਹਾ।
ਸਮਾਗਮ ਦੇ ਦੂਸਰੇ ਵਿਸ਼ੇਸ਼ ਮਹਿਮਾਨ ਹਰਚਰਨ ਸਿੰਘ ਚਾਹਲ ਨੇ ਆਪਣੇ ਅਨੁਵਾਦਕਾਂ ਕਾਰਜਾਂ ਦੇ ਬਾਰੇ ਚਾਨਣਾ ਪਾਇਆ ਅਤੇ ਪਰਵਾਸ ਵਿੱਚ ਹੋ ਰਹੀਆਂ ਸਾਹਿਤਿਕ ਗਤੀਵਿਧੀਆਂ ਦੀ ਤਾਰੀਫ਼ ਕਰਦਿਆਂ ਇਪਸਾ ਦੇ ਸਮਰਪਣ ਅਤੇ ਸਰਗਰਮੀ ਨੂੰ ਚੰਗਾ ਉੱਦਮ ਆਖਿਆ। ਅੰਤ ਵਿੱਚ ਮੁੱਖ ਮਹਿਮਾਨ ਹਰਕੀਰਤ ਕੌਰ ਚਾਹਲ ਨੇ ਆਪਣੀ ਸਿਰਜਣਾ ਪ੍ਰਕਿਰਿਆ, ਜੀਵਨ ਯਾਤਰਾ, ਨਾਵਲਕਾਰੀ ਵੱਲ ਮੁੜਣ ਬਾਰੇ ਬਹੁਤ ਖ਼ੂਬਸੂਰਤ ਸੰਵਾਦ ਰਚਾਇਆ। ਉਨ੍ਹਾਂ ਨੇ ਲੇਖਕ ਹੋਣ ਦਾ ਸੰਬੰਧ ਨਿੱਜੀ ਕਿਰਦਾਰ ਅਤੇ ਲੋਕ ਸਰੋਕਾਰਾਂ ਨਾਲ ਜੋੜਦਿਆਂ ਇੱਕ ਲੇਖਕ ਦੇ ਫਰਜ਼ਾਂ ਅਤੇ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਇਪਸਾ ਕਮੇਟੀ ਵੱਲੋਂ ਆਈਆਂ ਹੋਈਆਂ ਸਾਰੀਆਂ ਹਸਤੀਆਂ ਨੂੰ ਇਪਸਾ ਸੋਵੀਨਾਰ ਅਤੇ ਇਪਸਾ ਐਵਾਰਡ ਆਫ਼ ਆਨਰ ਭੇਟ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਅਹਿਮ ਐਲਾਨ
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਪ੍ਰੋਫੈਸਰ ਪਰਦੁਮਨ ਸਿੰਘ, ਬੱਸ ਯੂਨੀਅਨ ਆਗੂ ਮਨਦੀਪ ਸਿੰਘ, ਪਾਲ ਰਾਊਕੇ, ਬਿਕਰਮਜੀਤ ਸਿੰਘ ਚੰਦੀ, ਗੁਰਜੀਤ ਉੱਪਲ਼, ਡਾ. ਗੁਰ ਬਖ਼ਸ਼ੀਸ਼ ਸਿੰਘ, ਜਸਪਾਲ ਸਿੰਘ ਸੰਘੇੜਾ, ਗੁਰਜੀਤ ਬਾਰੀਆ, ਕਿਰਨਦੀਪ ਸਿੰਘ ਵਿਰਕ, ਮੀਰਾ ਗਿੱਲ ਜੀ, ਪਰਮਿੰਦਰ ਸਿੰਘ ਬਰਾੜ, ਅਰਸ਼ਦੀਪ ਸਿੰਘ ਦਿਓਲ, ਸ਼ਮਸ਼ੇਰ ਸਿੰਘ ਚੀਮਾ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਬੂਟਾ ਸਿੰਘ ਦੀ ਪੁਸਤਕ ‘ਹੱਕਾਂ ਦੇ ਪਹਿਰੇਦਾਰ’ ਲੋਕ ਅਰਪਣ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।