ਪ੍ਰਸਿੱਧ ਅਦਾਕਾਰਾ ਗੁਰਪ੍ਰੀਤ  ਭੰਗੂ ਨੇ ਮੈਲਬੌਰਨ ਚ ਦੱਸੇ ਐਕਟਿੰਗ ਦੇ ਗੁਰ

Monday, Sep 16, 2024 - 05:55 PM (IST)

ਪ੍ਰਸਿੱਧ ਅਦਾਕਾਰਾ ਗੁਰਪ੍ਰੀਤ  ਭੰਗੂ ਨੇ ਮੈਲਬੌਰਨ ਚ ਦੱਸੇ ਐਕਟਿੰਗ ਦੇ ਗੁਰ

ਮੈਲਬੌਰਨ (ਮਨਦੀਪ ਸਿੰਘ ਸੈਣੀ )- ਪੰਜਾਬੀ ਰੰਗਮੰਚ ਅਤੇ ਸਿਨੇਮੇ ਦੀ ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਭੰਗੂ ਜੀ ਅੱਜ ਕੱਲ੍ਹ ਆਸਟ੍ਰੇਲੀਆ ਪੁੱਜੇ ਹੋਏ ਹਨ। ਜਿਸ ਦੇ ਚਲਦਿਆਂ ਮੈਲਬੌਰਨ ਦੇ ਇਲਾਕੇ ਏਪਿੰਗ ਵਿੱਖੇ “ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ” ਵਲੋਂ ਅਮਰਦੀਪ ਕੌਰ ਤੇ ਹਰਮੰਦਰ ਕੰਗ ਦੀ ਅਗਵਾਈ ਦੇ ਵਿੱਚ ਇੱਕ ਥਿਏਟਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਸ਼ਾਮਲ ਹੋਏ।

PunjabKesari

ਪੰਜਾਬੀ ਥਿਏਟਰ ਅਤੇ ਫੋਕ ਅਕੈਡਮੀ ਵਲੋ ਗੁਰਪ੍ਰੀਤ ਭੰਗੂ ਹੋਰਾਂ ਨੂੰ ਇੱਥੋ ਦੇ ਜੰਮਪਲ ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਅਤੇ ਵਿਦਿਆਰਥੀਆਂ ਨੂੰ ਕਲਾ ਦੇ ਗੁਰ ਸਿਖਾਉਣ ਲਈ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਇਸ ਥਿਏਟਰ ਵਰਕਸ਼ਾਪ ਵਿੱਚ ਪੁੱਜਣ 'ਤੇ ਪ੍ਰਬੰਧਕਾਂ , ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਤੇ ਦਰਸ਼ਕਾਂ ਵਲੋ ਗੁਰਪ੍ਰੀਤ ਭੰਗੂ ਹੋਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਜੀ ਨੇ ਜਿੱਥੇ ਆਪਣੇ ਰੰਗਮੰਚ ਤੋਂ ਸ਼ੁਰੂਆਤ ਕਰਕੇ ਸਿਨੇਮੇ ਤੱਕ ਪਹੁੰਚਣ ਦੇ ਸਫ਼ਰ ਦਾ ਤਜ਼ਰਬਾ ਸਾਂਝਾ ਕੀਤਾ, ਉੱਥੇ ਰੰਗਮੰਚ ਅਤੇ ਫਿਲਮਾਂ ਵਿੱਚ ਐਕਟਿੰਗ ਦੀ ਵੱਖਰੀ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ। ਇੱਕ ਚੰਗੇ ਅਦਾਕਾਰ ਲਈ ਅਨੁਸ਼ਾਸਤ, ਸਮੇਂ ਦੇ ਪਾਬੰਦ, ਕਲਾ ਪ੍ਰਤੀ ਸਮਰਪਣ ਅਤੇ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇਸ ਖੇਤਰ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਸਿੱਖਦੇ ਰਹਿਣ ਲਈ ਪ੍ਰੇਰਿਆ। 

PunjabKesari

ਵਰਕਸ਼ਾਪ ਵਿੱਚ ਪਹੁੰਚੇ ਹਰ ਉਮਰ ਵਰਗ ਨੇ ਗੁਰਪ੍ਰੀਤ ਭੰਗੂ ਜੀ ਤੋਂ ਐਕਟਿੰਗ ਤਕਨੀਕਾਂ, ਉਨ੍ਹਾਂ ਦੇ ਕੁਝ ਅਹਿਮ ਕਿਰਦਾਰਾਂ ਅਤੇ ਫਿਲਮਾਂ ਦੀ ਬਣਤਰ ਬਾਰੇ ਸਵਾਲ ਵੀ ਪੁੱਛੇ। ਇਸ ਦੌਰਾਨ ਆਪਣੇ ਕਿਰਦਾਰਾਂ ਦੀ ਗੱਲ ਕਰਦਿਆਂ ਉਹ ਭਾਵੁਕ ਵੀ ਹੋਏ। ਉਹ ਇੱਥੇ ਪੈਦਾ ਹੋਈ ਨਵੀਂ ਪੀੜ੍ਹੀ ਦੇ ਬੱਚਿਆਂ ਦਾ ਪੰਜਾਬੀ ਬੋਲੀ ਅਤੇ ਰੰਗਮੰਚ ਪ੍ਰਤੀ ਪਿਆਰ ਦੇਖ ਕੇ ਮਾਪਿਆਂ ਦੀ ਸ਼ਲਾਘਾ ਵੀ ਕੀਤੀ।ਉਨ੍ਹਾਂ ਅਕੈਡਮੀ  ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਅਕੈਡਮੀ ਦੇ ਸੰਚਾਲਕਾਂ ਅਤੇ ਵਿਦਿਆਰਥੀਆਂਨੂੰ ਹੱਲਾਸ਼ੇਰੀ ਵੀ ਦਿੱਤੀ।ਵਰਕਸ਼ਾਪ ਦੇ ਅਖੀਰ ਵਿੱਚ ਗੁਰਪ੍ਰੀਤ ਭੰਗੂ ਜੀ ਦੇ ਸਪੁੱਤਰ ਬਾਗ਼ੀ ਭੰਗੂ ਨੇ ਵੀ ਆਪਣੇ ਚਰਚਿਤ ਗੀਤ ‘ਕੰਘੀ’ ਨਾਲ ਹਾਜ਼ਰੀ ਲਗਾਈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਵਰਕਸ਼ਾਪ ਦੌਰਾਨ ਹਾਜ਼ਰ ਹੋਣ ਵਾਲੇ ਦਰਸ਼ਕਾਂ ਦਾ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ ਗਿਆ। ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਦੀ ਟੀਮ ਵਲੋਂ ਸਤਿਕਾਰਤ ਗੁਰਪ੍ਰੀਤ ਕੌਰ ਭੰਗੂ ਜੀ ਨੂੰ ਯਾਦ ਚਿੰਨ੍ਹ ਅਤੇ ਇਕ ਫੁਲਕਾਰੀ ਭੇਂਟ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਸਰਕਾਰ ਦਾ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ

ਜ਼ਿਕਰਯੋਗ ਹੈ ਕਿ ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵਲੋਂ ਆਸਟ੍ਰੇਲੀਆ ਵਿੱਚ ਜਨਮੇਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਸਹੀ ਉਚਾਰਣ ਤੋਂ ਲੈ ਕੇ ਐਕਟਿੰਗ ਨਾਲ ਜੁੜੇ ਤਕਨੀਕੀ ਨੁਕਤਿਆਂ ਤੋ ਜਾਣੂ ਕਰਵਾਉਣ ਲਈ ਹਫਤਾਵਰੀ ਕਲਾਸਾਂ ਦਾ ਆਯੌਜਨ ਕੀਤਾ ਜਾਂਦਾ ਹੈ। ਜਿਸ ਨਾਲ ਇਨਾਂ ਬੱਚਿਆਂ ਨੇ ਪੰਜਾਬੀ ਉਚਾਰਣ ਵਿੱਚ ਸੁਧਾਰ ਆਉਣ ਦੇ ਨਾਲ ਨਾਲ ਪੰਜਾਬੀ ਵਿਰਸੇ, ਪੰਜਾਬੀ ਰੰਗਮੰਚ ਅਤੇ ਸਿਨੇਮਾ ਪ੍ਰਤੀ ਵੀ ਹੋਰ ਜਾਨਣ ਦੀ ਰੁਚੀ ਪ੍ਰਬਲ ਹੋ ਰਹੀ ਹੈ। ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਸਮਾਗਮਾਂ 'ਤੇ ਲਘੂ ਨਾਟਕ ਸਕਿਟਾਂ ਆਦਿ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News