ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਬੈਰਗਾਮੋ ਵਿਖੇ ਕਰਵਾਏ ਗਏ ਗੁਰਮਤਿ ਗਿਆਨ ਮੁਕਾਬਲੇ
Tuesday, Jan 07, 2025 - 05:59 PM (IST)
ਬੈਰਗਾਮੋ (ਕੈਂਥ) - ਇਟਲੀ ਵਿੱਚ ਕਲਤੂਰਾ ਸਿੱਖ ਸੰਸਥਾ ਵੱਲੋਂ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਅਤੇ 10ਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ (ਬੈਰਗਾਮੋ) ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 5 ਤੋਂ ਲੈ ਕੇ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਵਾਰ ਵਿਲੱਖਣ ਗੱਲ ਇਹ ਰਹੀ ਕਿ 60 ਸਾਲ ਤੱਕ ਦੀਆਂ ਬੀਬੀਆਂ ਨੇ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈੱਬਸਾਈਟ 'ਤੇ ਹੀ ਉਪਲੱਬਧ ਕਰਵਾਇਆ ਗਿਆ ਸੀ। ਇਹ ਮੁਕਾਬਲੇ 4 ਵੱਖ-ਵੱਖ ਉਮਰ ਵਰਗ ਦੇ ਗਰੁੱਪਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ, ਜਿਨ੍ਹਾਂ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ।
ਗਰੁੱਪ 'ਏ' ਵਿਚ 5 ਤੋਂ 8 ਸਾਲ ਦੇ ਬੱਚਿਆਂ ਵਿਚ ਤਰਨਪ੍ਰੀਤ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਸਰਾ ਅਤੇ ਜਸਕੀਰਤ ਕੌਰ ਅਤੇ ਜੈਸਮੀਨ ਕੌਰ ਨੇ ਤੀਜਾ ਸਥਾਨ, ਗਰੁੱਪ 'ਬੀ' ਵਿਚ 8 ਤੋਂ 11 ਸਾਲ ਦੇ ਬੱਚਿਆਂ ਵਿੱਚ ਵਿਸ਼ਵਪ੍ਰਤਾਪ ਸਿੰਘ, ਹਰਮਨਜੋਤ ਸਿੰਘ, ਗੁਰਮਨ ਕੌਰ ਨੇ ਪਹਿਲਾ, ਜਪਜੀਤ ਕੌਰ ਨੇ ਦੂਸਰਾ, ਮਨਰਾਜ ਸਿੰਘ ਤੇ ਨਵਰਾਜ ਕੌਰ ਨੇ ਤੀਜਾ ਸਥਾਨ, ਗਰੁੱਪ 'ਸੀ' 11 ਤੋਂ 14 ਸਾਲ ਦੇ ਬੱਚਿਆਂ ਵਿਚ ਸਹਿਜਪ੍ਰੀਤ ਸਿੰਘ ਤੇ ਨਵਜੌਤ ਕੌਰ ਨੇ ਪਹਿਲਾ, ਗੁਰਜੰਟ ਸਿੰਘ ਨੇ ਦੂਸਰਾ, ਖੁਸ਼ਲੀਨ ਕੌਰ ਨੇ ਤੀਸਰਾ ਸਥਾਨ, ਗਰੁੱਪ 'ਡੀ' ਵਿਚ ਖੁਸ਼ਦੀਪ ਕੌਰ, ਪਵਨਦੀਪ ਕੌਰ, ਅਮਰਿੰਦਰਜੀਤ ਕੌਰ, ਅਵਨੀਤ ਕੌਰ, ਪ੍ਰਭਜੋਤ ਕੌਰ, ਪਰਮਿੰਦਰ ਕੌਰ, ਗੁਰਨੀਤ ਕੌਰ ਨੇ ਪਹਿਲਾ, ਜੈਸਿਕਾ ਕੌਰ ਨੇ ਦੂਸਰਾ ਅਤੇ ਤਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ 'ਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਵਿੱਚ ਕਥਾ-ਵਿਚਾਰ ਰਾਹੀਂ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਇਸ ਮੌਕੇ ਗੁਰੁ ਦਾ ਲੰਗਰ ਅਟੁੱਟ ਵਰਤਾਇਆ ਗਿਆ।