ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ਕਰਵਾਏ ਗਏ ''ਦੁਮਾਲਾ ਤੇ ਦਸਤਾਰ'' ਸਜਾਉਣ ਦੇ ਮੁਕਾਬਲੇ (ਵੀਡੀਓ)

08/29/2017 12:20:52 PM

ਰੋਮ(ਕੈਂਥ)— ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਦੀ ਸਟੇਟ ਲਾਸੀ ਵਿਚ ਪੰਜਾਬੀਆਂ ਦਾ ਗ੍ਹੜ ਮੰਨੇ ਜਾਂਦੇ ਕਸਬਾ ਬੋਰਗੋ ਹਰਮਾਦਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਲਤੂਰਾ ਸਿੱਖ ਇਟਲੀ ਦੀ ਟੀਮ ਦੇ ਉਦਮ ਸਦਕਾ ਅਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ 13 ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਮੌਕੇ ਇਟਲੀ ਦਾ ਪ੍ਰਸਿੱਧ ਢਾਡੀ ਜਥਾ, ਭਾਈ ਕੁਲਵੰਤ ਸਿੰਘ ਖਾਲਸਾ ਦੇ ਜੱਥੇ ਨੇ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਢਾਡੀ ਵਾਰਾਂ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਖਾਲਸਾ ਨੇ ਦਰਬਾਰ ਵਿਚ ਹਾਜ਼ਰ ਸੰਗਤਾਂ ਨੂੰ ਸੰਤਾਂ ਦੇ ਜੀਵਨ ਫ਼ਲਸਫ਼ੇ ਤੋਂ ਸੇਧ ਲੈ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਇਟਲੀ ਦੇ ਘਰ-ਘਰ ਵਿਚ ਪਹੁੰਚਾਉਣ ਲਈ ਅੱਗੇ ਆਉਣ ਲਈ ਪ੍ਰੇਰਿਆ।
ਇਸ ਮੌਕੇ ਕਲਤੂਰਾ ਸਿੱਖ ਇਟਲੀ ਦੀ ਟੀਮ ਵੱਲੋਂ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ਕਰਵਾਏ 'ਦਸਤਾਰ ਅਤੇ ਦੁਮਾਲਾ' ਸਜਾਉਣ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ।

ਦੁਮਾਲਾ ਮੁਕਾਬਲੇ ਦੇ ਗਰੁੱਪ (ਏ) 'ਚ ਲਵਪ੍ਰੀਤ ਸਿੰਘ ਪਹਿਲਾ, ਕਰਮਜੀਤ ਸਿੰਘ ਦੂਜਾ ਅਤੇ ਰਸਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਦੁਮਾਲਾ ਮੁਕਾਬਲੇ ਦੇ ਗਰੁੱਪ (ਬੀ) 'ਚ ਪਹਿਲਾ ਗੁਰਜੋਤ ਸਿੰਘ, ਦੂਜਾ ਰਸਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਬੈਸਟ ਪ੍ਰਸਨੈਲਟੀ ਦਵਿੰਦਰ ਸਿੰਘ ਰਹੇ। 
ਦਸਤਾਰ ਮੁਕਾਬਲੇ ਦੇ ਗਰੁੱਪ (ਏ) ਗੁਰਜੰਟ ਸਿੰਘ, ਫਤਿਹ ਸਿੰਘ , ਅਰਮਾਨਜੀਵ ਸਿੰਘ ਨੇ ਕਰਮਵਾਰ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਰਹੇ।
ਦਸਤਾਰ ਮੁਕਾਬਲੇ ਦੇ ਗਰੁੱਪ (ਬੀ) 'ਚ

ਮਨਦੀਪ ਕੁਮਾਰ ਪਹਿਲਾ, ਦਰਬਾਰਾ ਸਿੰਘ ਦੂਜਾ ਅਤੇ ਗੁਰਬਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਬੈਸਟ ਪ੍ਰਸਨੈਲਟੀ ਪਰਮਿੰਦਰ ਸਿੰਘ ਰਹੇ। 

ਕਲਤੂਰਾ ਸਿੱਖ ਇਟਲੀ ਦੀ ਟੀਮ ਅਤੇ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਦੀ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਨੌਜਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਗੁਰਮੁੱਖ ਸਿੰਘ ਹਜ਼ਾਰਾ ਦੇ ਪਰਿਵਾਰ ਵੱਲੋਂ ਕੀਤੀ ਗਈ।
ਇਸ ਮੌਕੇ ਬੋਲਦਿਆ ਇਟਲੀ ਦੀ ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਸਰਗਰਮ ਆਗੂ ਭਾਈ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਕਲਤੂਰਾ ਸਿੱਖ ਇਟਲੀ ਦੀ ਟੀਮ ਵੱਲੋਂ ਇਟਲੀ ਦੇ ਵੱਖ-ਵੱਖ ਸ਼ਹਿਰਾ ਵਿਚ ਜਾ ਕੇ ਮੁਕਾਬਲੇ ਕਰਵਾਉਣਾ ਸ਼ਲਾਘਾਯੋਗ ਕਦਮ ਹੈ ਜਿਸ ਲਈ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਗੁਰਮੁੱਖ ਸਿੰਘ ਹਜ਼ਾਰਾ, ਭਾਈ ਹਰਪਾਲ ਸਿੰਘ,ਦਵਿੰਦਰ ਸਿੰਘ ਨੰਦਾ ਆਦਿ ਤੋਂ ਇਲਾਵਾ ਸੰਗਤਾਂ ਬਹੁ-ਗਿਣਤੀ ਵਿਚ ਹਾਜ਼ਰ ਸਨ। ਇਸ ਬਰਸੀ ਸਮਾਗਮ ਮੌਕੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।


Related News