ਆਸਟ੍ਰੇਲੀਆਈ ਮਰਦਮਸ਼ੁਮਾਰੀ 2021 ਲਈ ਪੰਜਾਬੀ ਭਾਈਚਾਰੇ ''ਚ ਭਾਰੀ ਉਤਸ਼ਾਹ

Monday, Aug 09, 2021 - 10:20 AM (IST)

ਆਸਟ੍ਰੇਲੀਆਈ ਮਰਦਮਸ਼ੁਮਾਰੀ 2021 ਲਈ ਪੰਜਾਬੀ ਭਾਈਚਾਰੇ ''ਚ ਭਾਰੀ ਉਤਸ਼ਾਹ

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਭਰ ਵਿੱਚ 10 ਅਗਸਤ ਨੂੰ ਹੋਣ ਜਾ ਰਹੀ ਮਰਦਮਸ਼ੁਮਾਰੀ ਲਈ ਪੰਜਾਬੀ ਭਾਈਚਾਰੇ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਇਸ ਜਨਗਣਨਾ ਤਹਿਤ ਮੁਲਕ ਭਰ ਦੇ ਵਸਨੀਕਾਂ ਦੀ ਗਿਣਤੀ ਦਰਜ ਹੋਵੇਗੀ। ਆਸਟ੍ਰੇਲੀਆਈ ਅੰਕੜਾ ਵਿਭਾਗ ਵਲੋਂ ਕੌਮੀ ਪੱਧਰ `ਤੇ ਕਰਵਾਈ ਜਾ ਰਹੀ ਇਸ ਮਰਦਮਸ਼ੁਮਾਰੀ ਦੇ ਆਧਾਰ 'ਤੇ ਮੁਲਕ ਵਿੱਚ ਰਹਿ ਰਹੇ ਵੱਖ-ਵੱਖ ਕੌਮਾਂ, ਧਰਮਾਂ, ਪਿਛੋਕੜ ਅਤੇ ਭਾਸ਼ਾਵਾਂ ਦੀ ਪੜਚੋਲ ਕੀਤੀ ਜਾਵੇਗੀ।

ਆਸਟ੍ਰੇਲੀਆ ਅੰਕੜਾ ਵਿਭਾਗ ਵਲੋਂ ਹਰ ਘਰ ਨੂੰ ਡਾਕ ਦੁਆਰਾ ਇੱਕ ਦਸਤਾਵੇਜ਼ ਭੇਜਿਆ ਗਿਆ ਹੈ ਜਿਸ ਵਿੱਚ ਆਪਣੀ ਹਾਜ਼ਰੀ ਨੂੰ ਆਨਲਾਈਨ ਜਾਂ ਪੇਪਰ ਰਾਹੀਂ ਭਰਨ ਲਈ ਵਿਸ਼ੇਸ਼ ਕੋਡ ਦਿੱਤਾ ਗਿਆ ਹੈ। ਲੋਕਾਂ ਵੱਲੋਂ ਆਪਣੀ ਹਾਜ਼ਰੀ ਦਰਜ਼ ਕਰਵਾਉਣ ਲਈ ਫਾਰਮ ਭਰੇ ਜਾ ਰਹੇ ਹਨ ਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਰੀ ਦਿਨ ਮੰਗਲਵਾਰ 10 ਅਗਸਤ ਨੀਯਤ ਕੀਤਾ ਗਿਆ ਹੈ।ਦਸਤਾਵੇਜ਼ ਵਿੱਚ ਦਿੱਤੇ ਕਾਲਮਾਂ ਵਿੱਚ ਬੋਲੀ, ਧਰਮ ਅਤੇ ਪਿਛੋਕੜ ਬਾਰੇ ਜਾਣਕਾਰੀ ਦੇਣਾ ਜ਼ਿਆਦਾ ਮਹੱਤਵਪੂਰਨ ਹੈ।ਯਾਦ ਰਹੇ, ਆਸਟ੍ਰੇਲੀਆ ਵਿੱਚ ਰਹਿ ਰਿਹਾ ਹਰ ਵਿਅਕਤੀ ਇਸ ਮਰਦਮਸ਼ੁਮਾਰੀ ਵਿੱਚ ਭਾਗ ਲੈ ਸਕਦਾ ਹੈ ਚਾਹੇ ਉਹ ਕਿਸੇ ਵੀ ਵੀਜ਼ੇ 'ਤੇ ਰਹਿ ਰਿਹਾ ਹੋਵੇ।ਇਸ ਜਨਗਣਨਾ ਦੁਆਰਾ ਇਕੱਠੀ ਹੋਈ ਜਾਣਕਾਰੀ ਦੇ ਆਧਾਰ 'ਤੇ ਵੱਖ-ਵੱਖ ਭਾਈਚਾਰਿਆਂ ਨੂੰ ਸਰਕਾਰੀ ਗਰਾਟਾਂ, ਘਰ, ਸਕੂਲ, ਹਸਪਤਾਲ, ਉਦਯੋਗ ਆਦਿ ਬੁਨਿਆਦੀ ਲੋੜਾਂ ਨੂੰ ਗਿਣਤੀ ਦੇ ਆਧਾਰ 'ਤੇ ਹੱਲ ਕਰਨ ਵਿੱਚ ਮਦਦ ਮਿਲੇਗੀ।

ਪੜ੍ਹੋ ਇਹ ਅਹਿਮ ਖਬਰ - ਦੱਖਣ-ਪੂਰਬੀ ਕੁਈਨਜ਼ਲੈਂਡ 'ਚ ਤਾਲਾਬੰਦੀ ਹਟੀ, ਕੇਨਜ਼ 'ਚ ਹੋਈ ਲਾਗੂ

ਪੰਜਾਬੀ ਭਾਈਚਾਰੇ ਵੱਲੋਂ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ, ਸ਼ੋਸ਼ਲ ਮੀਡੀਆ, ਫੋਨ, ਸਟਿੱਕਰਾਂ, ਬੈਨਰਾਂ ਸਮੇਤ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਤੱਕ ਮਰਦਮਸ਼ੁਮਾਰੀ ਸੁਨੇਹੇ ਪਹੁੰਚਾਏ ਜਾ ਰਹੇ ਹਨ ਤਾਂ ਜੋ ਹਰ ਵਿਅਕਤੀ ਦੀ ਹਾਜ਼ਰੀ ਯਕੀਨੀ ਬਣ ਸਕੇ।ਆਸਟ੍ਰੇਲੀਆ ਦੇ ਸਮੂਹ ਗੁਰੂ ਘਰਾਂ, ਸਿੱਖ ਸੰਸਥਾਵਾਂ, ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਖਾਸ ਕਰ ਇੱਥੋਂ ਦੇ ਜੰਮਪਲ ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਵਸੀਲਿਆਂ ਮੁਤਾਬਕ ਲੋਕਾਂ ਨੂੰ ਹੋਕਾ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ।ਇਸ ਮਰਦਮਸ਼ੁਮਾਰੀ ਦੇ ਨਤੀਜੇ ਅਗਲੇ ਸਾਲ ਜੂਨ ਤੱਕ ਆਉਣ ਦੀ ਸੰਭਾਵਨਾ ਹੈ।

ਪ੍ਰਸਿੱਧ ਹਸਤੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਿੱਤਾ ਖਾਸ ਸੁਨੇਹਾ-
ਇਸ ਜਨਗਣਨਾ ਨੂੰ ਹੋਰ ਹੁਲਾਰਾ ਦੇਣ ਲਈ ਅਦਾਰਾ `ਜਗਬਾਣੀ` ਵੱਲੋਂ ਪੰਜਾਬੀ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ ਹੈ।ਸਿਰਮੌਰ ਗਾਇਕ ਮਨਮੋਹਣ ਵਾਰਿਸ,ਕਮਲ ਹੀਰ, ਹਰਭਜਨ ਮਾਨ,ਬੱਬੂ ਮਾਨ,ਅਮਿਤੋਜ਼ ਮਾਨ, ਗੁਰਪ੍ਰੀਤ ਘੁੱਗੀ, ਹਰਜੀਤ ਹਰਮਨ, ਹਰੀਸ਼ ਵਰਮਾ, ਬੀਨੂੰ ਢਿੱਲੋਂ ,ਗੁਰਵਿੰਦਰ ਬਰਾੜ, ਅੰਮ੍ਰਿਤ ਮਾਨ, ਪੰਮੀ ਬਾਈ , ਗਗਨ ਕੋਕਰੀ, ਹਰਸਿਮਰਨ , ਸਰਬਜੀਤ ਚੀਮਾ, ਗਿੱਲ ਹਰਦੀਪ ,ਰਾਣਾ ਰਣਬੀਰ, ਸੁਰਜੀਤ ਖਾਨ, ਹਰਿੰਦਰ ਭੁੱਲਰ, ਕੁਲਵਿੰਦਰ ਬਿੱਲਾ, ਬੱਬਲ ਰਾਏ,ਰਾਜਵੀਰ ਜਵੰਧਾ, ਗੁਰਸ਼ਬਦ, ਲੱਖਾ ਸਿਧਾਣਾ, ਪਾਕਿਸਤਾਨੀ ਪੰਜਾਬੀ ਸ਼ਾਇਰ ਬਾਬਾ ਨਜ਼ਮੀ,ਨਿੰਦਰ ਘੁੰਗਿਆਣਵੀਂ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਵਜ਼ੀਦਪੁਰ ਸਮੇਤ ਅਨੇਕਾਂ ਨਾਮੀਂ ਹਸਤੀਆਂ ਨੇ ਸ਼ੋਸ਼ਲ ਮੀਡੀਏ ਜ਼ਰੀਏ ਆਸਟ੍ਰੇਲੀਆਈ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਵਾਉਣ ਦੀ ਭਰਵੀਂ ਅਪੀਲ ਕੀਤੀ ਹੈ।


 


author

Vandana

Content Editor

Related News