ਪੰਜਾਬੀਆਂ ਲਈ ਖੁਸ਼ਖ਼ਬਰੀ, ਕੈਨੇਡੀਅਨਾਂ ਦੇ ਇਸ ਫ਼ੈਸਲੇ ਨਾਲ ਮਿਲੇਗੀ ਵੱਡੀ ਰਾਹਤ

Wednesday, Oct 02, 2024 - 12:18 PM (IST)

ਪੰਜਾਬੀਆਂ ਲਈ ਖੁਸ਼ਖ਼ਬਰੀ, ਕੈਨੇਡੀਅਨਾਂ ਦੇ ਇਸ ਫ਼ੈਸਲੇ ਨਾਲ ਮਿਲੇਗੀ ਵੱਡੀ ਰਾਹਤ

ਟੋਰਾਂਟੋ: ਕੈਨੇਡਾ ਇਕ ਵਾਰ ਫਿਰ ਪ੍ਰਵਾਸੀਆਂ ਦਾ ਵੱਡੀ ਗਿਣਤੀ ਵਿਚ ਸਵਾਗਤ ਕਰ ਸਕਦਾ ਹੈ। ਕੈਨੇਡਾ ਵਿਚ ਹਾਊਸਿੰਗ ਸੰਕਟ ਅਤੇ ਮਹਿੰਗਾਈ ਦੇ ਮਸਲਿਆਂ ਦਰਮਿਆਨ ਅੱਧੇ ਲੋਕਾਂ ਵੱਲੋਂ ਪ੍ਰਵਾਸੀਆਂ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦੀ ਹਮਾਇਤ ਕੀਤੀ ਗਈ ਹੈ। ਜੀ ਹਾਂ, ਚਾਰ ਵੱਡੇ ਸ਼ਹਿਰਾਂ ਟੋਰਾਂਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਦੇ 45 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਆਮਦ ਬੰਦ ਨਹੀਂ ਹੋਣੀ ਚਾਹੀਦੀ ਪਰ ਇਸ ਨੂੰ ਘਟਾਇਆ ਜ਼ਰੂਰ ਜਾਵੇ। ਕੈਨੇਡੀਅਨ ਜਨਤਾ ਦੇ ਇਸ ਸਮਰਥਨ ਨੇ ਪੰਜਾਬੀਆਂ ਲਈ ਕੈਨੇਡਾ ਦਾ ਰਾਹ ਪੱਧਰਾ ਕਰ ਦਿੱਤਾ ਹੈ।ਸਿਟੀ ਨਿਊਜ਼ ਵੱਲੋਂ ਜਾਰੀ ਓਪੀਨੀਅਨ ਪੋਲ ਦੇ ਨਤੀਜਿਆਂ ਮੁਤਾਬਕ 22 ਫ਼ੀਸਦੀ ਲੋਕਾਂ ਨੇ ਕਿਹਾ ਕਿ ਨਵੇਂ ਪ੍ਰਵਾਸੀਆਂ ਲਈ ਕੈਨੇਡਾ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਦਿਤੇ ਜਾਣ ਜਦਕਿ ਇਸ ਅੰਕੜੇ ਤੋਂ ਦੁੱਗਣੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਆਮਦ ਨਾਲ ਉਨ੍ਹਾਂ ਦੇ ਸ਼ਹਿਰ ’ਤੇ ਹਾਂਪੱਖੀ ਅਸਰ ਪਿਆ। ਵੈਨਕੂਵਰ ਦੇ 54 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਦੀ ਆਮਦ ਨਾਲ ਉਨ੍ਹਾਂ ਦੇ ਸ਼ਹਿਰ ਨੂੰ ਫ਼ਾਇਦਾ ਹੋਇਆ ਜਦਕਿ ਟੋਰਾਂਟੋ ਵਿਖੇ ਇਹ ਅੰਕੜਾ 49 ਫ਼ੀਸਦੀ ਦਰਜ ਕੀਤਾ ਗਿਆ। 

ਸਰਵੇਖਣ ਵਿਚ ਰੱਖੀ ਗਿਣਤੀ ਸੀਮਤ ਰੱਖਣ ਦੀ ਸ਼ਰਤ 

ਸਰਵੇਖਣ ਦੌਰਾਨ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਇੰਟਰਨੈਸ਼ਨਲ ਸਟੂਡੈਂਟਸ, ਰਫਿਊਜੀਜ਼ ਅਤੇ ਟੈਂਪਰੇਰੀ ਫੌਰਨ ਵਰਕਰਜ਼ ਵਿਚੋਂ ਕਿਹੜੀ ਸ਼੍ਰੇਣੀ ਨੂੰ ਤਰਜੀਹ ਦਿਤੀ ਜਾਵੇ ਤਾਂ ਕੌਮਾਂਤਰੀ ਵਿਦਿਆਰਥੀ 49 ਫ਼ੀਸਦੀ ਲੋਕਾਂ ਦੀ ਹਮਾਇਤ ਨਾਲ ਸਭ ਤੋਂ ਅੱਗੇ ਰਹੇ। ਦੂਜਾ ਸਥਾਨ ਰਫਿਊਜੀਆਂ ਨੂੰ ਮਿਲਿਆ ਅਤੇ ਤੀਜੇ ਸਥਾਨ ’ਤੇ ਆਰਜ਼ੀ ਵਿਦੇਸ਼ੀ ਕਾਮੇ ਰਹੇ। ਸਪੌਂਸਰਡ ਫੈਮਿਲੀ ਮੈਂਬਰਜ਼ 45 ਫ਼ੀਸਦੀ ਲੋਕਾਂ ਦੀ ਹਮਾਇਤ ਨਾਲ ਚੌਥੇ ਅਤੇ ਇਕਨੌਮਿਕ ਇੰਮੀਗ੍ਰੈਂਟਸ ਪੰਜਵੇਂ ਸਥਾਨ ’ਤੇ ਰਹੇ। ਸਰਵੇਖਣ ਵਿਚ ਸ਼ਾਮਲ 23 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਦੀ ਆਮਦ ਵਿਚ ਕੋਈ ਕਟੌਤੀ ਕਰਨ ਦੀ ਜ਼ਰੂਰਤ ਨਹੀਂ ਪਰ ਇਨ੍ਹਾਂ ਦੀਆਂ ਤਰਜੀਹਾਂ ਵਿਚ ਫਰਕ ਨਜ਼ਰ ਆਇਆ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਸਪੌਂਸਰਡ ਫੈਮਿਲੀਜ਼ ਨੂੰ ਸਭ ਤੋਂ ਵੱਧ ਤਰਜੀਹ ਦਿਤਾ ਜਾਵੇ ਅਤੇ ਇਸ ਮਗਰੋਂ ਇਕਨੌਮਿਕ ਇੰਮੀਗ੍ਰੈਂਟਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ ਆਉਣਾ ਚਾਹੀਦਾ ਹੈ। ਸਿਰਫ ਇਥੇ ਹੀ ਬੱਸ ਨਹੀਂ 10 ਫ਼ੀਸਦੀ ਲੋਕ ਅਜਿਹੇ ਵੀ ਸਾਹਮਣੇ ਆਏ ਜੋ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਚਾਹੁੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-Canada ਜਾਣਾ ਹੋਇਆ ਆਸਾਨ, Study Permit ਰੱਦ ਹੋਣ 'ਤੇ ਵੀ ਮਿਲੇਗਾ ਵੀਜ਼ਾ

ਕੌਮਾਂਤਰੀ ਵਿਦਿਆਰਥੀਆਂ ਨੂੰ ਦਿਤੀ ਸਭ ਤੋਂ ਜ਼ਿਆਦਾ ਤਰਜੀਹ ਸਰਵੇਖਣ ਦੌਰਾਨ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਕਿਹੜੀ ਸ਼੍ਰੇਣੀ ਦੇ ਪ੍ਰਵਾਸੀਆਂ ਨੂੰ ਮੁਲਕ ਵਿਚ ਦਾਖਲ ਹੋਣ ਤੋਂ ਰੋਕਣਾ ਚਾਹੀਦਾ ਹੈ ਤਾਂ 22 ਫ਼ੀਸਦੀ ਨੇ ਰਫ਼ਿਊਜੀਆਂ ਦਾ ਨਾਂ ਲਿਆ ਜਦਕਿ 28 ਫ਼ੀਸਦੀ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਵਿਰੋਧ ਵਿਚ ਆ ਗਏ। ਕੌਮਾਂਤਰੀ ਵਿਦਿਆਰਥੀਆਂ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਪਹਿਲਾਂ ਹੀ ਘਟਾਈ ਜਾ ਚੁੱਕੀ ਹੈ ਅਤੇ ਆਉਂਦੀ ਪਹਿਲੀ ਨਵੰਬਰ ਤੋਂ ਵਰਕ ਪਰਮਿਟ ਨਾਲ ਸਬੰਧਤ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਦੂਜੇ ਪਾਸੇ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਵੇਂ ਨਿਯਮ 26 ਸਤੰਬਰ ਤੋਂ ਲਾਗੂ ਹੋ ਚੁੱਕੇ ਹਨ ਜਿਨ੍ਹਾਂ ਤਹਿਤ ਕੋਈ ਵੀ ਕਾਰੋਬਾਰੀ ਆਪਣੇ ਕਿਰਤੀਆਂ ਦਾ ਸਿਰਫ 10 ਫ਼ੀਸਦੀ ਹਿੱਸਾ ਹੀ ਆਰਜ਼ੀ ਵਿਦੇਸ਼ੀ ਕਾਮਿਆਂ ਵਜੋਂ ਰੱਖ ਸਕਦਾ ਹੈ। ਦੱਸ ਦੇਈਏ ਕਿ ਸਰਵੇਖਣ ਵਿਚ ਮਾਮੂਲੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News