ਪੜ੍ਹਨ ਤੋਂ ਬਾਅਦ ਇਸ ਕੰਮ ਨਾਲ ਵਧਦੀ ਹੈ ਕੁੜੀਆਂ ਦੀ ਯਾਦਦਾਸ਼ਤ

08/29/2017 11:40:49 AM

ਮੈਲਬੋਰਨ— ਪੜ੍ਹਾਈ ਕੁਝ ਵਿਦਿਆਰਥੀਆਂ ਨੂੰ ਬੋਝ ਲੱਗਦੀ ਹੈ। ਸਕੂਲ 'ਚ ਅਧਿਆਪਕ ਵਲੋਂ ਪੜ੍ਹਾਏ ਪਾਠ ਨੂੰ ਯਾਦ ਕਰਨਾ ਉਨ੍ਹਾਂ ਅੱਗੇ ਵੱਡੀ ਮੁਸੀਬਤ ਵਾਂਗ ਹੈ। ਅਕਸਰ ਬੱਚੇ ਸਕੂਲਾਂ ਵਿਚ ਪੜ੍ਹਿਆ ਹੋਇਆ ਪਾਠ ਘਰ ਆਉਂਦੇ ਹੀ ਭੁੱਲ ਜਾਂਦੇ ਹਾਂ ਪਰ ਹੁਣ ਇਹ ਸਮੱਸਿਆ ਬਸ ਥੋੜ੍ਹੀ ਜਿਹੀ ਕਸਰਤ ਨਾਲ ਦੂਰ ਹੋ ਸਕਦੀ ਹੈ। ਇਕ ਸ਼ੋਧ ਵਿਚ ਪਤਾ ਲੱਗਾ ਹੈ ਕਿ ਕੁਝ ਨਵਾਂ ਪੜ੍ਹਨ ਤੋਂ ਬਾਅਦ ਜੇਕਰ ਕਸਰਤ ਕੀਤੀ ਜਾਵੇ ਤਾਂ ਉਹ ਪਾਠ ਬੱਚਿਆਂ ਖਾਸ ਕਰ ਕੇ ਕੁੜੀਆਂ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ। 
ਇਸ ਸ਼ੋਧ ਲਈ 265 ਵਿਦਿਆਰਥੀਆਂ 'ਤੇ 4 ਪ੍ਰਯੋਗ ਕੀਤੇ ਗਏ। ਇਨ੍ਹਾਂ 'ਚੋਂ ਕੁਝ ਬੱਚਿਆਂ ਨੇ ਪੜ੍ਹਨ ਤੋਂ ਬਾਅਦ 5 ਮਿੰਟ ਤੱਕ 'ਐਰੋਬਿਕ' ਦੇ ਕੁਝ ਸਟੈਪਸ ਕੀਤੇ, ਜਦਕਿ ਹੋਰਾਂ ਨੇ ਕੋਈ ਹੋਰ ਕਸਰਤ ਨਹੀਂ ਕੀਤੀ। ਜਿਨ੍ਹਾਂ ਵਿਦਿਆਰਥਣਾਂ ਨੇ ਕਸਰਤ ਕੀਤੀ ਸੀ, ਉਨ੍ਹਾਂ ਨੂੰ ਹੋਰਾਂ ਦੇ ਮੁਕਾਬਲੇ ਪਾਠ ਜ਼ਿਆਦਾ ਚੰਗੀ ਤਰ੍ਹਾਂ ਯਾਦ ਸੀ। 
ਇਸ ਸ਼ੋਧ ਨਾਲ ਜੁੜੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਸਟੀਵਨ ਮੋਸਟ ਨੇ ਕਿਹਾ ਕਿ ਵਿਦਿਆਰਥੀਆਂ ਨੇ ਪਾਠ ਪੜ੍ਹਿਆ ਅਤੇ ਕਸਰਤ ਤੋਂ ਬਾਅਦ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੋ ਗਿਆ। ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪ੍ਰਯੋਗਾਂ ਦਾ ਅਸਰ ਪੁਰਸ਼ਾਂ 'ਤੇ ਵਧ ਨਹੀਂ ਹੋਇਆ। ਅਜੇ ਤੱਕ ਇਹ ਯਕੀਨੀ ਨਹੀਂ ਹੋਇਆ ਹੈ ਕਿ ਇਹ ਲੈਂਗਿਕ ਭਿੰਨਤਾ ਦਾ ਅਸਰ ਸੀ ਜਾਂ ਪ੍ਰਯੋਗਾਂ ਦੇ ਹਲਾਤਾਂ ਦਾ।