ਫਰਾਂਸੀਸੀ ਪੁਲਸ ਨੇ ਰੂਸੀ ਬੇੜੇ ਨਾਲ ਸਬੰਧਤ ਤੇਲ ਟੈਂਕਰ ਦੇ 2 ਕਰੂ ਮੈਂਬਰ ਹਿਰਾਸਤ ’ਚ ਲਏ
Thursday, Oct 02, 2025 - 10:15 PM (IST)

ਪੈਰਿਸ (ਭਾਸ਼ਾ) – ਫਰਾਂਸੀਸੀ ਪੁਲਸ ਨੇ ਦੇਸ਼ ਦੇ ਐਟਲਾਂਟਿਕ ਤੱਟ ’ਤੇ ਫਸੇ ਇਕ ਤੇਲ ਟੈਂਕਰ ਦੇ ਚਾਲਕ ਦਲ ਦੇ 2 ਮੈਂਬਰਾਂ ਨੂੰ ਹਿਰਾਸਤ ’ਚ ਲਿਆ ਹੈ। ਇਹ ਜਾਣਕਾਰੀ ਫਰਾਂਸ ਦੇ ਇਕ ਵਕੀਲ ਨੇ ਦਿੱਤੀ। ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਦਾ ਦਾਅਵਾ ਹੈ ਕਿ ਟੈਂਕਰ ਗੁਪਤ ਤੌਰ ’ਤੇ ਕੰਮ ਕਰਨ ਵਾਲੇ ਰੂਸੀ ਬੇੜੇ ਦਾ ਹਿੱਸਾ ਹੈ। ਅਜਿਹੇ ਪੁਰਾਣੇ ਟੈਂਕਰਾਂ ਦੀ ਮਾਲਕੀ ਅਸੱਪਸ਼ਟ ਹੈ ਅਤੇ ਇਹ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਦੇ ਹਨ। ਦੋਸ਼ ਹੈ ਕਿ ਯੂਕ੍ਰੇਨ ਵਿਚ ਰੂਸ ਵੱਲੋਂ ਸ਼ੁਰੂ ਕੀਤੀ ਗਈ ਜੰਗ ਕਾਰਨ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਚਣ ਲਈ ਅਜਿਹੇ ਟੈਂਕਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੱਛਮੀ ਬੰਦਰਗਾਹ ਸ਼ਹਿਰ ਬ੍ਰੇਸਟ ਦੇ ਵਕੀਲ ਸਟੀਫਨ ਕੇਲੇਨਬਰਗਰ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰ, ਜਿਨ੍ਹਾਂ ਨੇ ਆਪਣੀ ਪਛਾਣ ਜਹਾਜ਼ ਦੇ ਕਪਤਾਨ ਅਤੇ ਮੁੱਖ ਸਹਾਇਕ ਵਜੋਂ ਦੱਸੀ, ਬੁੱਧਵਾਰ ਤੋਂ ਹਿਰਾਸਤ ਵਿਚ ਹਨ। ਕੇਲੇਨਬਰਗਰ ਨੇ ਕਿਹਾ ਕਿ ਐਟਲਾਂਟਿਕ ਮੈਰੀਟਾਈਮ ਪ੍ਰੀਫੈਕਟ (ਇਕ ਫਰਾਂਸੀਸੀ ਸਰਕਾਰੀ ਅਧਿਕਾਰੀ) ਦੁਆਰਾ ਸੋਮਵਾਰ ਨੂੰ ਨਿਆਂਇਕ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਚਾਲਕ ਦਲ ਵੱਲੋਂ ਸਹਿਯੋਗ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਗਈ ਸੀ। ਚਾਲਕ ਦਲ ਇਹ ਵੀ ਸਪੱਸ਼ਟ ਨਹੀਂ ਕਰ ਸਕਿਆ ਕਿ ਇਹ ਜਹਾਜ਼ ਕਿਸ ਦੇਸ਼ ਦਾ ਹੈ।