ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਟਲੀ ''ਚ ਭਾਰਤੀ ਰਾਜਦੂਤ ਨਾਲ ਕੀਤੀ ਗੱਲਬਾਤ

05/24/2020 1:13:47 AM

ਮਿਲਾਨ/ਇਟਲੀ (ਸਾਬੀ ਚੀਨੀਆ)-ਇਟਲੀ 'ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਭਾਰਤੀ ਅੰਬੈਸੀ ਰੋਮ ਅਤੇ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਨਾਲ ਜਿੱਥੇ ਇਟਲੀ 'ਚ ਰਹਿ ਰਹੇ ਹਜ਼ਾਰਾਂ ਭਾਰਤੀ ਕਾਮਿਆਂ 'ਚ ਖੁਸ਼ੀ ਦੀ ਲਹਿਰ ਹੈ,ਉੱਥੇ ਪ੍ਰਵਾਸੀ ਭਾਰਤੀਆਂ ਦੇ ਹੱਕਾਂ ਦੀ ਅਵਾਜ਼ ਕਰਕੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਵਲੋਂ ਇਸ ਵਿਸ਼ੇ 'ਤੇ ਭਾਰਤੀ ਰਾਜਦੂਤ ਮੈਡਮ ਰੀਨਤ ਸੰਧੂ ਨਾਲ਼ ਗੱਲਬਾਤ ਕਰਦਿਆਂ ਉਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਮਾਂ ਦਾ ਪੁੱਤ ਬਿਨਾਂ ਪਾਸਪੋਰਟ ਤੋਂ ਨਾ ਰਹਿ ਜਾਵੇ।

ਰਾਮੂਵਾਲੀਆ ਵੱਲੋਂ ਭਾਰਤੀ ਰਾਜਦੂਤ ਦੁਆਰਾ ਬਿਨਾਂ ਪੇਪਰਾਂ ਵਾਲੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਦੇ ਉਪਰਾਲੇ ਦੀ ਸ਼ਾਲਾਘਾ ਵੀ ਕੀਤੀ ਗਈ। ਬਲਵੰਤ ਸਿੰਘ ਰਾਮੂਵਾਲੀਆ ਨੇ "ਪ੍ਰੈਸ" ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਟਲੀ 'ਚ ਭਾਰਤੀ ਅੰਬੈਸੀ ਦੁਆਰਾ ਹਜ਼ਾਰਾਂ ਦੀ ਗਿਣਤੀ 'ਚ ਬਿਨਾਂ ਪੇਪਰਾਂ ਵਾਲੇ ਨੌਜਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਲਈ ਰਸਮੀ ਕਾਰਵਾਈ ਆਰੰਭ ਦਿੱਤੀ ਗਈ ਹੈ। ਅੰਬੈਸੀ ਨੇ ਲੋੜ ਵੇਲੇ ਇਨ੍ਹਾਂ ਭਾਰਤੀਆਂ ਦੀ ਬਾਂਹ ਫੜ ਕੇ ਉਨ੍ਹਾਂ ਦੇ ਭਵਿੱਖ ਦੀ ਬਿਹਤਰੀ ਲਈ ਇਕ ਸੁਚੱਜੀ ਕੋਸ਼ਿਸ਼ ਕੀਤੀ ਹੈ। ਇਟਲੀ ਦੇ ਪੇਪਰ ਲੈਣ ਉਪਰੰਤ ਉਹ ਆਪਣੇ ਪਰਿਵਾਰਾਂ ਨੂੰ ਵੀ ਮਿਲ ਸਕਣਗੇ। ਰਾਮੂਵਾਲੀਆ ਨੇ ਸਾਲ 2000 'ਚ ਵੀ ਇਟਲੀ ਆ ਕੇ 1600 ਤੋਂ ਜ਼ਿਆਦਾ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਦਿਵਾਉਣ ਵਿਚ ਮਦਦ ਕੀਤੀ ਸੀ।
 


Sunny Mehra

Content Editor

Related News