ਨੇਪਾਲ 'ਚ ਹੜ੍ਹ ਦਾ ਕਹਿਰ: ਮੌਤਾਂ ਦਾ ਅੰਕੜਾ 676 ਤੱਕ ਪਹੁੰਚਿਆ, 2500 ਲੋਕ ਹਾਲੇ ਵੀ ਲਾਪਤਾ

Sunday, Aug 30, 2026 - 07:09 AM (IST)

ਨੇਪਾਲ 'ਚ ਹੜ੍ਹ ਦਾ ਕਹਿਰ: ਮੌਤਾਂ ਦਾ ਅੰਕੜਾ 676 ਤੱਕ ਪਹੁੰਚਿਆ, 2500 ਲੋਕ ਹਾਲੇ ਵੀ ਲਾਪਤਾ

ਕਾਠਮੰਡੂ : ਨੇਪਾਲ ਵਿੱਚ ਹੜ੍ਹ ਅਤੇ ਕੁਦਰਤੀ ਆਫ਼ਤ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦੇਸ਼ ਵਿੱਚ ਇਸ ਤ੍ਰਾਸਦੀ ਕਾਰਨ ਹੁਣ ਤੱਕ 676 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ 2500 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ ਸਾਢੇ ਚਾਰ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। 

108 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ 

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਨੇਪਾਲ ਵਿੱਚ ਫਸੇ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ, 50 ਅਜਿਹੇ ਭਾਰਤੀ ਹਨ ਜਿਨ੍ਹਾਂ ਨਾਲ ਦੁਬਾਰਾ ਸੰਪਰਕ ਸਥਾਪਤ ਹੋ ਗਿਆ ਹੈ। ਚੀਨ ਦੇ ਰਸਤੇ ਨੇਪਾਲ ਸੁਰੱਖਿਅਤ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ 598 ਹੈ, ਜਦੋਂ ਕਿ 900 ਭਾਰਤੀ ਅਜੇ ਵੀ ਚੀਨ ਵਿੱਚ ਹਨ ਜਿਨ੍ਹਾਂ ਦਾ ਉੱਥੋਂ ਨਿਕਲਣਾ ਬਾਕੀ ਹੈ। ਮੰਤਰਾਲੇ ਮੁਤਾਬਕ 275 ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ 128 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਤਿੱਬਤ 'ਚ ਬਣੀਆਂ ਨਵੀਆਂ ਝੀਲਾਂ ਕਾਰਨ ਹਾਈ ਅਲਰਟ 

ਨੇਪਾਲ ਵਿੱਚ ਤਬਾਹੀ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਤਿੱਬਤ ਵਿੱਚ ਬਣੀਆਂ ਦੋ ਨਵੀਆਂ ਝੀਲਾਂ ਕਾਰਨ ਨੇਪਾਲ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਵਿੱਚੋਂ ਇੱਕ ਝੀਲ ਵਿੱਚੋਂ ਲਗਾਤਾਰ ਪਾਣੀ ਲੀਕ ਹੋ ਰਿਹਾ ਹੈ ਅਤੇ ਦੂਜੀ ਝੀਲ ਦਾ ਆਕਾਰ ਲਗਾਤਾਰ ਵੱਧ ਰਿਹਾ ਹੈ। ਤ੍ਰਿਸ਼ੂਲੀ ਅਤੇ ਭੋਟੇਕੋਸ਼ੀ ਨਦੀਆਂ ਦਾ ਪਾਣੀ ਵਧਣ ਕਾਰਨ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। 
ਪਹਿਲੀ ਝੀਲ: ਤਿੱਬਤ ਵਿੱਚ ਪਿਓਰਪੂ ਤਸਾਂਗਪੋ ਨਦੀ ਕੋਲ ਬਣੀ ਇਹ ਝੀਲ ਲਗਭਗ 99 ਹਜ਼ਾਰ ਵਰਗ ਮੀਟਰ (ਲਗਭਗ 14 ਫੁੱਟਬਾਲ ਮੈਦਾਨਾਂ ਦੇ ਬਰਾਬਰ) ਵੱਡੀ ਹੈ। 
ਦੂਜੀ ਝੀਲ: ਗਲੇਸ਼ੀਅਰ ਦੇ ਬਿਲਕੁਲ ਹੇਠਾਂ ਬਣੀ ਇਹ ਝੀਲ ਪਹਿਲੀ ਨਾਲੋਂ ਵੀ ਵੱਡੀ ਹੈ, ਜਿਸਦਾ ਆਕਾਰ 1 ਲੱਖ 20 ਹਜ਼ਾਰ ਵਰਗ ਮੀਟਰ (ਲਗਭਗ 17 ਫੁੱਟਬਾਲ ਮੈਦਾਨਾਂ ਦੇ ਬਰਾਬਰ) ਹੈ। ਮਾਹਿਰਾਂ ਅਨੁਸਾਰ ਜੇਕਰ ਇਹ ਝੀਲਾਂ ਫਟਦੀਆਂ ਹਨ, ਤਾਂ ਇਸਦਾ ਅਸਰ 100 ਟਨ ਟੀ.ਐਨ.ਟੀ. (TNT) ਦੇ ਧਮਾਕੇ ਜਿੰਨਾ ਭਿਆਨਕ ਹੋ ਸਕਦਾ ਹੈ, ਜਿਸ ਨਾਲ 26 ਅਗਸਤ ਤੋਂ ਵੀ ਵੱਡੀ ਤਬਾਹੀ ਆ ਸਕਦੀ ਹੈ। 

ਮੌਸਮ ਵਿਭਾਗ ਦੀ ਚਿਤਾਵਨੀ ਅਤੇ ਭਾਰੀ ਨੁਕਸਾਨ

ਮੌਸਮ ਵਿਭਾਗ ਨੇ ਰਸੂਵਾ ਜ਼ਿਲ੍ਹੇ ਲਈ ਅਗਲੇ ਤਿੰਨ ਦਿਨਾਂ (30 ਅਗਸਤ ਤੋਂ 1 ਸਤੰਬਰ) ਦਰਮਿਆਨ 75 ਫੀਸਦੀ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ ਹੜ੍ਹ ਕਾਰਨ ਰਸੂਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ, ਜਿੱਥੇ ਤਿਨੋਰੇ ਅਤੇ ਸਿਆਫਰੂਬ ਬੇਸੀ ਵਰਗੇ ਇਲਾਕੇ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਏ ਹਨ। ਕਈ ਬਸਤੀਆਂ, ਸੜਕਾਂ ਅਤੇ ਪੁਲ ਪੂਰੀ ਤਰ੍ਹਾਂ ਵਹਿ ਗਏ ਹਨ। ਬਟਾਰ ਇਲਾਕੇ ਵਿੱਚ ਨਦੀਆਂ ਦੇ ਉਫਾਨ ਕਾਰਨ ਪਾਵਰ ਸਟੇਸ਼ਨ ਅਤੇ ਸੋਲਰ ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਿਨ੍ਹਾਂ ਨੂੰ ਦੁਬਾਰਾ ਠੀਕ ਕਰਨ ਲਈ ਭਾਰਤ ਦੀ ਮਦਦ ਲਈ ਜਾ ਰਹੀ ਹੈ। ਸੈਨਾ ਦੇ ਕੈਂਪਾਂ ਵਿੱਚ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਬਚਾਅ ਟੀਮਾਂ ਮੌਕੇ 'ਤੇ ਹੀ ਇਲਾਜ ਮੁਹੱਈਆ ਕਰਵਾ ਰਹੀਆਂ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚੋਂ 10 ਲੱਖ ਪ੍ਰਵਾਸੀ ਡਿਪੋਰਟ ! 16 ਲੱਖ ਹੋਰ 'ਤੇ ਕਾਰਵਾਈ ਦੀ ਤਿਆਰੀ 

ਮਲਬੇ ਹੇਠੋਂ ਜ਼ਿੰਦਾ ਨਿਕਲੀਆਂ ਜ਼ਿੰਦਗੀਆਂ 

ਇਸ ਭਿਆਨਕ ਤਬਾਹੀ ਦੇ ਵਿਚਕਾਰ ਕੁਝ ਚਮਤਕਾਰ ਵੀ ਦੇਖਣ ਨੂੰ ਮਿਲੇ ਹਨ। ਰਸੂਵਾ ਵਿੱਚ ਮਲਬੇ ਹੇਠ ਦੱਬੀ ਇੱਕ 97 ਸਾਲ ਦੀ ਬਜ਼ੁਰਗ ਔਰਤ ਨੂੰ 4 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਜ਼ਿੰਦਾ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਮਲਬੇ ਹੇਠ ਦੱਬੀ ਇੱਕ 6 ਸਾਲ ਦੀ ਬੱਚੀ ਵੀ 3 ਦਿਨਾਂ ਬਾਅਦ ਸਹੀ-ਸਲਾਮਤ ਜ਼ਿੰਦਾ ਬਾਹਰ ਕੱਢੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News